ਆੜ੍ਹਤੀਆਂ ਦੇ ਆਮ ਇਜਲਾਸ ’ਚ ਅਹਿਮ ਮਤਿਆਂ ਨੂੰ ਪ੍ਰਵਾਨਗੀ
Thursday, Oct 29, 2020 - 01:49 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀਆਂ ਦਾ ਆਮ ਇਜਲਾਸ ਮਾਰਕਿਟ ਕਮੇਟੀ ਦਫ਼ਤਰ ਵਿਖੇ ਆਗੂ ਤੇਜਿੰਦਰ ਸਿੰਘ ਕੂੰਨਰ ਅਤੇ ਹਰਜਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਹੋਇਆ, ਜਿਸ ’ਚ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਅਨਾਜ ਮੰਡੀ ’ਚ ਇਸ ਸਮੇਂ ਦੋ ਆੜ੍ਹਤੀ ਐਸੋਸੀਏਸ਼ਨਾਂ ਹਨ ਪਰ ਇੱਕ ਆਮ ਇਜਲਾਸ ਬੁਲਾ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਮੱਸਿਆਵਾਂ ਦੇ ਹੱਲ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਇਸ 7 ਮੈਂਬਰੀ ਕਮੇਟੀ ’ਚ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਸੋਹਣ ਲਾਲ ਸ਼ੇਰਪੁਰੀ, ਰੁਪਿੰਦਰ ਸਿੰਘ ਬੈਨੀਪਾਲ, ਗੁਰਨਾਮ ਸਿੰਘ ਨਾਗਰਾ, ਹਰਿੰਦਰਮੋਹਣ ਸਿੰਘ ਕਾਲੜਾ ਅਤੇ ਹਰਕੇਸ਼ ਨਹਿਰਾ ਦੇ ਨਾਮ ਸ਼ਾਮਲ ਹਨ, ਜਦੋਂ ਕਿ ਤਪਤਿੰਦਰ ਸਿੰਘ ਮਾਂਗਟ ਤੇ ਜੈਦੀਪ ਸਿੰਘ ਕਾਹਲੋਂ ਨੂੰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਆਮ ਇਜਲਾਸ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੂੰਨਰ ਤੇ ਖੇੜਾ ਨੇ ਦੱਸਿਆ ਕਿ ਸਾਰੇ ਹੀ ਆੜ੍ਹਤੀਆਂ ਵੱਲੋਂ ਕੇਂਦਰ ਸਰਕਾਰ ਨੇ ਜੋ ਖੇਤੀਬਾੜੀ ਆਰਡੀਨੈਂਸ ਪਾਸ ਕੀਤੇ ਹਨ, ਉਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਉਕਤ ਆਗੂਆਂ ਨੇ ਦੱਸਿਆ ਕਿ ਇਜਲਾਸ ’ਚ ਇਹ ਵੀ ਫ਼ੈਸਲਾ ਹੋਇਆ ਕਿ ਕੋਈ ਵੀ ਆੜ੍ਹਤੀ ਕਿਸੇ ਹੋਰ ਆੜ੍ਹਤੀ ਨਾਲ ਜੁੜੇ ਕਿਸਾਨ ਦੀ ਫ਼ਸਲ ਆਪਣੇ ਫੜ੍ਹ ’ਚ ਨਹੀਂ ਉਤਾਰੇਗਾ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਲਈ 7 ਮੈਂਬਰੀ ਕਮੇਟੀ ਇਸ ਦਾ ਨਿਪਟਾਰਾ ਕਰੇਗੀ। ਇਸ ਤੋਂ ਇਲਾਵਾ ਕੁੱਝ ਆੜ੍ਹਤੀਆਂ ਦੀ ਕਿਸਾਨਾਂ ਵੱਲ ਜੋ ਬਕਾਇਆ ਰਾਸ਼ੀ ਫਸੀ ਹੋਈ ਹੈ, ਉਹ ਮਾਮਲੇ ਸੁਲਝਾਉਣ ਦੇ ਵੀ ਯਤਨ ਕੀਤੇ ਜਾਣਗੇ। ਸਮੂਹ ਆੜ੍ਹਤੀਆਂ ਨੇ ਕਿਹਾ ਕਿ ਕੇਂਦਰ ਵਲੋਂ ਜੋ ਪੰਜਾਬ ’ਚ ਰੇਲਾਂ ਰੋਕੀਆਂ ਗਈਆਂ ਹਨ, ਉਸ ਨਾਲ ਵਪਾਰੀਆਂ ਤੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਮੋਦੀ ਸਰਕਾਰ ਜਾਣ-ਬੁੱਝ ਕੇ ਪੰਜਾਬ ਵਾਸੀਆਂ ਨੂੰ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਫ਼ਸਲਾਂ ਦਾ ਜੋ ਪੇਂਡੂ ਵਿਕਾਸ ਫੰਡ ਹੈ, ਉਹ ਜਾਰੀ ਨਾ ਕਰ ਕੇ ਸੂਬੇ ਨਾਲ ਵਿਤਕਰਾ ਕੀਤਾ ਹੈ, ਜਿਸ ਦੀ ਉਹ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਨ। ਇਸ ਮੌਕੇ ਸ਼ਕਤੀ ਆਨੰਦ, ਸੁਸ਼ੀਲ ਲੂਥਰਾ, ਟਹਿਲ ਸਿੰਘ ਔਜਲਾ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਨਿਤਿਨ ਜੈਨ, ਕਪਿਲ ਆਨੰਦ, ਪਰਦੀਪ ਮਲਹੋਤਰਾ, ਪ੍ਰਿੰਸ ਮਿੱਠੇਵਾਲ, ਰਾਜਵਿੰਦਰ ਸਿੰਘ ਸੈਣੀ, ਹੈਪੀ ਬਾਂਸਲ, ਪਵਨ ਕੁਮਾਰ, ਪ੍ਰਭਦੀਪ ਰੰਧਾਵਾ, ਨਰਿੰਦਰਪਾਲ ਸਿੰਘ ਬਾਜਵਾ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਵਿਨੀਤ ਕੌਸ਼ਲ, ਸ਼ਸ਼ੀ ਭਾਟੀਆ, ਅਮਿਤ ਭਾਟੀਆ, ਸੁਰਿੰਦਰ ਅਗਰਵਾਲ, ਮੁਕੰਦ ਸਿੰਘ, ਮਨੋਜ ਬਾਂਸਲ ਵੀ ਮੌਜੂਦ ਸਨ।