ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ

Tuesday, Oct 12, 2021 - 10:08 PM (IST)

ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯੁਕਤੀ ਪੱਤਰ

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਅਤੇ ਕਵੀਸ਼ਰ ਜਥਿਆਂ ਦੇ 26 ਸਹਾਇਕ ਸਾਥੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਿੱਖ ਧਰਮ ਦੀਆਂ ਪ੍ਰਚਾਰ ਸੇਵਾਵਾਂ ਲਈ ਰਵਾਨਾ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹੜੇ ਜਥਿਆਂ ਦੇ ਮੈਂਬਰ ਬੀਤੇ ਸਮੇਂ ਵਿਚ ਸੇਵਾਮੁਕਤ ਹੋ ਚੁੱਕੇ ਸਨ, ਉਨ੍ਹਾਂ ਦੀ ਥਾਂ ਸਹਾਇਕ ਢਾਡੀ ਅਤੇ ਕਵੀਸ਼ਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਢਾਡੀ ਅਤੇ ਕਵੀਸ਼ਰ ਸਿੱਖ ਇਤਿਹਾਸ ਨੂੰ ਪ੍ਰਚਾਰਨ ਲਈ ਅਹਿਮ ਕੜੀ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਵਿਚ ਇਨ੍ਹਾਂ ਦਾ ਖਾਸ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਚੱਲ ਰਹੀ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਵਿਚ ਵੀ ਪ੍ਰਚਾਰਕਾਂ ਦੇ ਨਾਲ-ਨਾਲ ਢਾਡੀ ਤੇ ਕਵੀਸ਼ਰ ਵੀ ਅਹਿਮ ਸੇਵਾਵਾਂ ਦੇ ਰਹੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬਧ ਹੈ ਅਤੇ ਮੌਜੂਦਾ ਧਰਮ ਪ੍ਰਚਾਰ ਲਹਿਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਘਰਿ ਘਰਿ ਅੰਦਰਿ ਧਰਮਸਾਲ’ ਅਧੀਨ 150 ਪ੍ਰਚਾਰਕ ਜਥੇ ਪਿੰਡਾਂ ਵਿਚ ਕਾਰਜਸ਼ੀਲ ਹਨ। ਹਰ ਜਥਾ ਇਕ ਪਿੰਡ ਵਿਚ ਇੱਕ ਹਫ਼ਤਾ ਸਿੱਖੀ ਦਾ ਪ੍ਰਚਾਰ ਕਰਦਾ ਹੈ। ਇਸ ਦੌਰਾਨ ਘਰਾਂ ਅੰਦਰ ਸੰਗਤਾਂ ਨੂੰ ਸੰਵਾਦ ਵਿਧੀ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਕੂਲਾਂ ਕਾਲਜਾਂ ਵਿਚ ਵੀ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਖ਼ਾਸ ਤੌਰ ’ਤੇ ਗੁਰਬਾਣੀ ਕੰਠ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਧਰਮ ਪ੍ਰਚਾਰ ਲਹਿਰ ਦੇ ਕਾਰਜਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤਕ ਪੰਜ ਹਜ਼ਾਰ ਤੋਂ ਵੱਧ ਬੱਚੇ ਜਪੁਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਮਾਝਾ, ਮਾਲਵਾ ਤੇ ਦੁਆਬਾ ਜੋਨਾਂ ਵਿਚ ਇਕ-ਇਕ ਮੁੱਖ ਸਮਾਗਮ ਕਰਕੇ ਗੁਰਬਾਣੀ ਕੰਠ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਰੱਖੇ ਗਏ ਢਾਡੀ ਤੇ ਕਵੀਸ਼ਰਾਂ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦਾ ਦਾਇਰੇ ਵਿਚ ਰਹਿ ਕੇ ਸਿੱਖੀ ਪ੍ਰਚਾਰ ਕਰਨ ਦੀ ਪ੍ਰੇਰਣਾ ਕੀਤੀ। 


author

Anuradha

Content Editor

Related News