ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਜਵਾਨਾਂ ਤੋਂ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਮੰਗੀਆਂ ਅਰਜ਼ੀਆਂ

08/11/2023 5:10:32 AM

ਚੰਡੀਗੜ੍ਹ (ਬਿਊਰੋ) : ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗ੍ਰੈਜੂਏਟ (ਬੀ. ਏ. ਪਾਸ) ਉਮੀਦਵਾਰਾਂ ਨੂੰ ਪੰਜਾਬੀ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ’ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰਾਂ ਵਿਚ ਇਕ ਸਾਲ ਦੀ ਮੁਫ਼ਤ ਟਰੇਨਿੰਗ ਦੇਣ ਲਈ 20 ਅਗਸਤ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਅਨੁਸੂਚਿਤ ਜਾਤੀ ਦੇ ਸਿਰਫ਼ ਬੇਰੁਜ਼ਗਾਰ ਉਮੀਦਵਾਰ ਜਿਸ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ ਦਸਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ ਆਪਣੀ ਦਰਖਾਸਤ ਨਿਰਧਾਰਿਤ ਪ੍ਰੋਫਾਰਮੇ ਵਿਚ ਆਪਣੇ ਜ਼ਿਲ੍ਹੇ ਦੇ ਸਬੰਧਤ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸਰਕਾਰੀ ਕਾਲਜ, ਫੇਜ਼-6, ਐੱਸ.ਏ.ਐੱਸ. ਨਗਰ ਨੂੰ ਆਪਣੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਨਕਲਾਂ ਤੇ ਮੌਜੂਦਾ ਪਾਸਪੋਰਟ ਸਾਈਜ਼ ਦੀ ਫੋਟੋ ਸਹਿਤ ਪ੍ਰੋਫਾਰਮੇ ਵਿਚ ਮਿਤੀ 20 ਅਗਸਤ 2023 ਤੱਕ ਭੇਜ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰ ਇੰਟਰਵਿਊ ਲਈ ਮਿਤੀ 28-08-2023 ਨੂੰ ਸਵੇਰੇ 09:00 ਵਜੇ ਤੱਕ ਸਬੰਧਤ ਜ਼ਿਲ੍ਹੇ ਦੇ ਜਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿਚ ਆਪਣੇ ਅਸਲ ਸਰਟੀਫਿਕੇਟਸ ਸਹਿਤ ਇੰਟਰਵਿਊ ਲਈ ਹਾਜ਼ਰ ਹੋਵੇ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਸਟੈਨੋਗ੍ਰਾਫੀ ਦੀ ਟ੍ਰੇਨਿੰਗ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਿਲ੍ਹਾ ਪੱਧਰ ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰ ਪਟਿਆਲਾ, ਸੰਗਰੂਰ, ਜਲੰਧਰ, ਰੂਪਨਗਰ ਅਤੇ ਚੰਡੀਗੜ੍ਹ (ਕੈਂਪਸ ਐਟ ਫੇਜ਼-6, ਐੱਸ.ਏ.ਐੱਸ. ਨਗਰ) ਵਿਖੇ ਭਾਸ਼ਾ ਵਿਭਾਗ ਦੇ ਸਥਾਪਿਤ ਸੈਂਟਰਾਂ ਵਿਚ ਦਿੱਤੀ ਜਾਣੀ ਹੈ। ਇਹਨਾ ਸਿਖਲਾਈ ਕੇਂਦਰਾਂ ਵਿੱਚ ਕੁੱਲ 80 ਸੀਟਾਂ ਹਨ, ਜਿਨ੍ਹਾਂ ਵਿਚੋਂ ਚੰਡੀਗੜ੍ਹ (ਕੈਂਪਸ ਐਟ ਐਸ.ਏ.ਐਸ. ਨਗਰ) ਵਿਖੇ ਚੱਲ ਰਹੇ ਸੈਂਟਰ ਲਈ 20 ਅਤੇ ਬਾਕੀ ਸੈਂਟਰਾਂ ਵਿੱਚ 15-15 ਸੀਟਾਂ ਹਨ।

ਮੰਤਰੀ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 250/- ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਪੰਜਾਬੀ ਸਟੈਨੋਗ੍ਰਾਫੀ (ਭਾਸ਼ਾ ਵਿਭਾਗ) ਦੀ ਸਿਖਲਾਈ ਪ੍ਰਾਪਤ ਕਰਨ ਸਬੰਧੀ ਦਾਖ਼ਲੇ ਲਈ ਪ੍ਰੋਫਾਰਮਾ ਵਿਭਾਗ ਦੀ ਵੈੱਬਸਾਈਟ www.welfare.punjab.gov.in ’ਤੇ ਉਪਲੱਬਧ ਹੈ।


Manoj

Content Editor

Related News