ਬਿਨੈਕਾਰਾਂ ਨੂੰ ਕਾਂਗਰਸੀਆਂ ਕੋਲ ਪਹੁੰਚ ਕਰਨ ਲਈ ਕੀਤਾ ਜਾ ਰਿਹੈ ਮਜ਼ਬੂਰ, ਮਾਮਲੇ ਦੀ ਜਾਂਚ ਹੋਵੇ: ਡਾ. ਚੀਮਾ
Friday, Dec 17, 2021 - 10:25 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੁੰ ਬੇਨਤੀ ਕੀਤੀ ਕਿ ਉਹ ਦਖਲ ਦੇ ਕੇ ਕਾਂਗਰਸ ਸਰਕਾਰ ਵੱਲੋਂ ਸਿਰਫ ਕਾਂਗਰਸੀ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੀ ਪ੍ਰਵਾਨਗੀ ਨਾਲ ਆਟਾ ਦਾਲ ਕਾਰਡ ਜਾਰੀ ਕਰ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਰੋਕੇ।
ਚੋਣ ਕਮਿਸ਼ਨ ਕੋਲ ਦਾਇਰ ਸ਼ਿਕਾਇਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਰੇ ਸੁਬੇ ਵਿਚ ਇਹ ਪ੍ਰਕਿਰਿਆ ਅਪਣਾਈ ਜਾ ਰਹੀ ਹੈ ਅਤੇ ਖਾਸ ਤੌਰ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਜ਼ਿਲ੍ਹੇ ਰੋਪੜ ਵਿਚ ਅਜਿਹਾ ਹੋ ਰਿਹਾ ਹੈ। ਪਾਰਟੀ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਆਟਾ ਦਾਲਾ ਕਾਰਡ ਦੇ ਵਾਜਬ ਬਿਨੈਕਾਰਾਂ ਨੁੰ ਸਬੰਧਿਤ ਫੂਡ ਅਤੇ ਸਿਵਲ ਸਪਲਾਈ ਅਫਸਰ ਮਜ਼ਬੂਰ ਕਰ ਰਹੇ ਹਨ ਕਿ ਉਹ ਕਾਂਗਰਸੀ ਵਿਧਾਇਕ ਜਾਂ ਹਲਕਾ ਇੰਚਾਰਜ ਕੋਲ ਜਾਣ ਅਤੇ ਉਨ੍ਹਾਂ ਕੋਲੋਂ ਸਿਫਾਰਸ਼ ਕਰਵਾ ਕੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਬਦਲੇ ਵਿਚ ਬਿਨੈਕਾਰਾਂ ਦੀਆਂ ਅਰਜ਼ੀਆਂ ’ਤੇ ਹੋਲੋਗ੍ਰਾਮ ਲਗਾ ਰਹੇ ਹਨ ਜੋ ਉਨ੍ਹਾਂ ਦੀ ਸਿਫਾਰਸ਼ ਤਸਦੀਕ ਕਰਦਾ ਹੈ ਅਤੇ ਇਸ ਮਗਰੋਂ ਹੀ ਸਬੰਧਿਤ ਕਾਰਡ ਪ੍ਰਵਾਨ ਕੀਤਾ ਜਾਂਦਾ ਹੈ।
ਆਪਣੇ ਪੱਤਰ ਵਿਚ ਡਾ. ਚੀਮਾ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਜਦੋਂ ਡੀ.ਐਫ.ਐਸ.ਸੀ ਰੋਪੜ ਨਾਲ ਗੱਲਬਾਤ ਕੀਤੀ ਅਤੇ ਜਾਨਣਾ ਚਾਹਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਵਾਜਬ ਬਿਨੈਕਾਰਾਂ ਨੁੰ ਕਾਂਗਰਸੀ ਆਗੂਆਂ ਦੇ ਘਰ ਜਾਣ ਲਈ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ ਤਾਂ ਫਿਰ ਅਫਸਰ ਨੇ ਅੱਗੋਂ ਕਿਹਾ ਕਿ ਉਹ ਬੇਵੱਸ ਹੈ ਕਿਉਂਕਿ ਹੋਲੋਗ੍ਰਾਮ ਸਾਰੇ ਕਾਂਗਰਸੀ ਆਗੂਆਂ ਦੇ ਕੋਲ ਹੀ ਹੁੰਦੇ ਹਨ ਅਤੇ ਜਦੋਂ ਤੱਕ ਬਿਨੈ ਪੱਤਰ ’ਤੇ ਹੋਲੋਗ੍ਰਾਮ ਨਹੀਂ ਹੁੰਦਾ, ਕੰਪਿਊਟਰ ਸਿਸਟਮ ਇਸ ਨੂੰ ਪ੍ਰਵਾਨ ਨਹੀਂ ਕਰਦਾ।
ਇਸ ਸਭ ਨੁੰ ਗੈਰ ਕਾਨੂੰਨੀ ਅਤੇ ਸਿਆਸੀ ਤੌਰ ’ਤੇ ਪ੍ਰੇਰਿਤ ਵੋਟਰਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਹੱਕ ਵਿਚ ਪ੍ਰਭਾਵਿਤ ਕਰਨ ਦੀ ਕਾਰਵਾਈ ਕਰਾਰ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਰਿਸ਼ਵਤਖੋਰੀ ਹੈ ਤੇ ਇਹ ਸਰਕਾਰੀ ਮਸ਼ੀਨਰੀ ਦੀ ਘੋਰ ਦੁਰਵਰਤੋਂ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਅਫਸਰ ਆਪਣੇ ਫਰਜ਼ ਨਿਭਾਉਣ ਅਤੇ ਸਰਕਾਰੀ ਹੋਲੋਗ੍ਰਾਮ ਕਾਂਗਰਸੀ ਆਗੂਆਂ ਨੁੰ ਦੇਣ ਦੇ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਹਦਾਇਤ ਦੇਵੇ ਕਿ ਇਸ ਗੈਰ ਕਾਨੁੰਨੀ ਤਰੀਕੇ ਨੁੰ ਤੁਰੰਤ ਰੋਕਿਆ ਜਾਵੇ ਅਤੇ ਸਿਆਸੀ ਤੌਰ ’ਤੇ ਜੁੜੇ ਹੋਣ ਦੇ ਪੱਖ ਨੁੰ ਦਰਕਿਨਾਰ ਕਰ ਕੇ ਸਾਰੇ ਲੋੜਵੰਦਾਂ ਨੁੰ ਆਟਾ ਦਾਲ ਕਾਰਡ ਜਾਰੀ ਕੀਤੇ ਜਾਣ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।