ਅਹਿਮ ਖ਼ਬਰ: ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਤੋਂ ਪਹਿਲਾਂ ਬੱਚਿਆਂ ਅੰਦਰ ਬਣੀ ਐਂਟੀਬਾਡੀਜ਼

Thursday, Jul 29, 2021 - 04:56 PM (IST)

ਅਹਿਮ ਖ਼ਬਰ: ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਤੋਂ ਪਹਿਲਾਂ ਬੱਚਿਆਂ ਅੰਦਰ ਬਣੀ ਐਂਟੀਬਾਡੀਜ਼

ਅੰਮ੍ਰਿਤਸਰ (ਦਲਜੀਤ) : ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਪਹਿਲਾਂ ਹੀ ਬੱਚਿਆਂ ਅੰਦਰ ਐਂਟੀਬਾਡੀਜ਼ ਬਣ ਚੁੱਕੀ ਹੈ। ਕੋਰੋਨਾ ਦੀਆਂ ਦੋ ਲਹਿਰਾਂ ਨੇ ਬੱਚਿਆਂ ਨੂੰ ਅੰਦਰੂਨੀ ਤੌਰ ’ਤੇ ਇੰਨਾ ਮਜ਼ਬੂਤ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਨੂੰ ਤੀਜੀ ਲਹਿਰ ਤੋਂ ਜ਼ਿਆਦਾ ਖ਼ਤਰਾ ਨਹੀਂ ਹੋਵੇਗਾ। ਇਹ ਖੁਲਾਸਾ ਸਿਹਤ ਮਹਿਕਮੇ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ 92 ਬੱਚਿਆਂ ’ਤੇ ਕਰਵਾਏ ਗਏ ਸਰਵੇਖਣ ’ਚ ਹੋਇਆ ਹੈ। ਮਹਿਕਮੇ ਵਲੋਂ ਕੀਤੇ ਗਏ ਸਰਵੇਖਣ ਅਨੁਸਾਰ 92 ’ਚੋਂ 50 ਬੱਚੇ ਅਜਿਹੇ ਪਾਏ ਗਏ ਹਨ, ਜਿਨ੍ਹਾਂ ’ਚ ਐਂਟੀਬਾਡੀਜ਼ ਬਣ ਚੁੱਕੀ ਹੈ।

ਸਿਹਤ ਵਿਭਾਗ ਨੇ 19 ਜੁਲਾਈ ਨੂੰ ਅੰਮ੍ਰਿਤਸਰ ਦੇ ਤਿੰਨ ਹਸਪਤਾਲਾਂ ਸਿਵਲ ਹਸਪਤਾਲ ਅੰਮ੍ਰਿਤਸਰ, ਸਿਵਲ ਹਸਪਤਾਲ ਅਜਨਾਲਾ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ’ਚ ਕੁਲ 92 ਬੱਚਿਆਂ ਦੇ ਖ਼ੂਨ ਦੇ ਨਮੂਨੇ ਲਏ ਸਨ। 50 ਫ਼ੀਸਦੀ ਸੈਂਪਲ ਸ਼ਹਿਰੀ ਇਲਾਕੇ ਤੋਂ, ਜਦੋਂਕਿ ਇੰਨੇ ਹੀ ਪੇਂਡੂ ਇਲਾਕੇ ਨਾਲ ਸਬੰਧਤ ਬੱਚਿਆਂ ਦੇ ਲਏ ਗਏ। ਇਹ ਇਸ ਲਈ ਕਿਉਂਕਿ ਪਤਾ ਲਗਾਇਆ ਜਾ ਸਕੇ ਕਿ ਤੀਜੀ ਲਹਿਰ ਆਉਣ ’ਤੇ ਜੇਕਰ ਬੱਚੇ ਕੋਰੋਨਾ ਦੀ ਲਪੇਟ ’ਚ ਆਉਂਦੇ ਹਨ ਤਾਂ ਸਰੀਰ ’ਚ ਐਂਟੀਬਾਡੀਜ਼ ਹਨ ਜਾਂ ਨਹੀਂ। ਵਰਤਮਾਨ ’ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸ ਲਹਿਰ ’ਚ ਵੀ 300 ਤੋਂ ਜ਼ਿਆਦਾ ਬੱਚੇ ਸਰਕਾਰੀ ਰਿਕਾਰਡ ਅਨੁਸਾਰ ਇਨਫ਼ੈਕਟਿਡ ਹੋਏ ਹਨ। ਇਸਦੇ ਇਲਾਵਾ ਕਈ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਸੀ। ਤੀਜੀ ਲਹਿਰ ਨੂੰ ਵੇਖਦੇ ਹੋਏ ਮਾਪਿਆਂ ’ਚ ਕਾਫ਼ੀ ਡਰ ਸੀ ਅਤੇ ਉਹ ਆਪਣੇ ਨਜ਼ਦੀਕੀ ਡਾਕਟਰਾਂ ਤੋਂ ਵਾਰ-ਵਾਰ ਸੰਪਰਕ ਕਰਕੇ ਬੱਚਿਆਂ ਦੀ ਦੇਖਭਾਲ ਤੀਜੀ ਲਹਿਰ ’ਚ ਕਿਸ ਤਰ੍ਹਾਂ ਕੀਤੀ ਜਾਵੇ, ਦੇ ਸਬੰਧ ’ਚ ਸਲਾਹ ਮਸ਼ਵਰਾ ਪੁੱਛ ਰਹੇ ਸਨ ਪਰ ਸਰਵੇਖਣ ’ਚ ਸਾਹਮਣੇ ਆਈਆਂ ਗੱਲਾਂ ਤੋਂ ਸਪੱਸ਼ਟ ਹੋਇਆ ਹੈ ਕਿ ਆਉਣ ਵਾਲੇ ਸਮੇਂ ਜੇਕਰ ਸਾਰੇ ਸਾਵਧਾਨੀ ਰੱਖਣ ਤਾਂ ਬੱਚਿਆਂ ਲਈ ਸੁਰੱਖਿਅਤ ਹੀ ਰਹੇਗਾ।

ਇਹ ਵੀ ਪੜ੍ਹੋ : ਮਰਯਾਦਾ ਦੀ ਉਲੰਘਣਾ ਦਾ ਮਾਮਲਾ: ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਦਿੱਤੇ ਅਸਤੀਫ਼ੇ

ਤਿੰਨ ਰੂਪਾਂ ’ਚ ਵੰਡੇ ਬੱਚਿਆਂ ਦੇ ਲਏ ਗਏ ਸੈਂਪਲ
ਸਿਹਤ ਮਹਿਕਮੇ ਵੱਲੋਂ ਸਰਵੇਖਣ ’ਚ 6 ਤੋਂ 9 , 10 ਤੋਂ 13 ਅਤੇ 14 ਤੋਂ 17 ਉਮਰ ਵਰਗ ਦੇ ਇਨ੍ਹਾਂ 92 ਬੱਚਿਆਂ ਨੂੰ ਤਿੰਨ ਗਰੁੱਪਾਂ ’ਚ ਵੰਡ ਕੇ ਸੈਂਪਲ ਲਏ ਗਏ। ਮਾਹਿਰ ਟੈਕਨੀਸ਼ੀਅਨ ਅਤੇ ਡਾਕਟਰ ਵਲੋਂ  ਸੈਂਪਲਾਂ ਦੀ ਇਸ ਪ੍ਰਕਿਰਿਆ ਨੂੰ ਨਿਭਾਇਆ ਗਿਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਨਾ ਰਹੇ। ਸੈਂਪਲਾਂ ਨੂੰ ਆਈ. ਡੀ. ਐੱਸ. ਪੀ. ਲੈਬ ’ਚ ਭੇਜਕੇ ਐਲਾਇਜਾ ਰੀਡਰ ਮਸ਼ੀਨ ਨਾਲ ਟੈਸਟ ਕੀਤਾ ਗਿਆ । ਬੁੱਧਵਾਰ ਨੂੰ ਟੈਸਟ ਰਿਪੋਰਟ ’ਚ 50 ਬੱਚਿਆਂ ਦੇ ਸਰੀਰ ’ਚ ਐਂਟੀਬਾਡੀ ਪਾਈ ਗਈ।

ਇਹ ਵੀ ਪੜ੍ਹੋ : ਜਥੇਦਾਰ ਮੰਡ ਵੱਲੋਂ ਕੈਬਨਿਟ ਮੰਤਰੀ ਰੰਧਾਵਾ, ਤ੍ਰਿਪਤ ਬਾਜਵਾ ਸਮੇਤ 3 ਵਿਧਾਇਕ ਅਕਾਲ ਤਖ਼ਤ ਸਾਹਿਬ ਤਲਬ

ਕੋਰੋਨਾ ਇੰਨਫੈਕਸ਼ਨ ਦੀ ਦਰ ਘਟੀ, 5 ਪਾਜ਼ੇਟਿਵ
ਕੋਰੋਨਾ ਇਨਫ਼ੈਕਸ਼ਨ ਦੀ ਦਰ ਲਗਾਤਾਰ ਘਟ ਰਹੀ ਹੈ। ਬੁੱਧਵਾਰ ਨੂੰ ਜ਼ਿਲ੍ਹੇ ’ਚ 5 ਇਨਫ਼ੈਕਟਿਡ ਮਿਲੇ, ਜਦੋਂਕਿ 6 ਮਰੀਜ਼ ਤੰਦਰੁਸਤ ਵੀ ਹੋਏ। ਹੁਣ ਜ਼ਿਲ੍ਹੇ ’ਚ ਸਰਗਰਮ ਮਾਮਲੇ 42 ਬਾਕੀ ਹਨ। ਇਨ੍ਹਾਂ ’ਚੋਂ 13 ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਜੇਰੇ ਇਲਾਜ ਹਨ, ਜਦੋਂਕਿ ਬਾਕੀ ਘਰੇਲੂ ਇਕਾਂਤਵਾਸ ਹਨ। ਇਸ ਤੋਂ ਸਾਫ਼ ਹੈ ਕਿ ਹੁਣ ਕੋਰੋਨਾ ਦੀ ਦੂਜੀ ਲਹਿਰ ਲਗਭਗ ਖ਼ਤਮ ਹੋਣ ਨੂੰ ਹੈ। 19 ਮਾਰਚ 2020 ਨੂੰ ਅੰਮ੍ਰਿਤਸਰ ’ਚ ਪਹਿਲਾ ਇਨਫ਼ੈਕਟਿਡ ਰਿਪੋਰਟ ਹੋਇਆ ਸੀ। ਹੁਣ ਤੱਕ ਕੁਲ 47052 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 1584 ਦੀ ਮੌਤ ਹੋ ਚੁੱਕੀ ਹੈ, ਜਦੋਂਕਿ 45426 ਤੰਦਰੁਸਤ ਹੋਏ ਹਨ।

ਨੋਟ : ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਕੀ ਤਿਆਰੀਆਂ ਕਰਨ ਦੀ ਲੋੜ ਹੈ ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News