ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਖ਼ਿਲਾਫ਼ ਆਖ਼ਰੀ ਦਮ ਤੱਕ ਲੜੇਗੀ ਪੰਜਾਬ ਸਰਕਾਰ : ਮਨਪ੍ਰੀਤ ਬਾਦਲ

Friday, Sep 25, 2020 - 12:12 AM (IST)

ਚੰਡੀਗੜ੍ਹ,(ਸ਼ਰਮਾ)– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਹਮੇਸ਼ਾ ਪ੍ਰਤੀਬੱਧ ਰਹਿਣ ਦਾ ਭਰੋਸਾ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਖ਼ਿਲਾਫ਼ ਉਹ ਆਖ਼ਰੀ ਦਮ ਤੱਕ ਲੜਨਗੇ। ਵਿੱਤ ਮੰਤਰੀ ਨੇ ਕਿਹਾ ਕਿ ਖੇਤੀ ਆਰਡੀਨੈਂਸ, ਜੋ ਹਾਲ ਹੀ ਵਿਚ ਸੰਸਦ ਵਿਚ ਪਾਸ ਕੀਤੇ ਗਏ ਹਨ, ਦਾ ਮੁੱਖ ਮਕਸਦ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇ ਸੁਰੱਖਿਆ ਕਵਚ ਤੋਂ ਵਿਹੂਣੇ ਕਰਨਾ ਅਤੇ ਦੇਸ਼ ਦੇ ਅੰਨਦਾਤਾ ਨੂੰ ਬਰਬਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਕੇਵਲ ਕਿਸਾਨਾਂ ਨੂੰ ਹੀ ਨਹੀਂ ਬਲਕਿ ਸਾਰੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ। ਸੰਕਟ ਦੀ ਇਸ ਘੜੀ ਵਿਚ ਸਾਰੇ ਪੰਜਾਬੀਆਂ ਨੂੰ ਸਮਝਦਾਰੀ ਤੋਂ ਕੰਮ ਲੈਣ ਦੀ ਅਪੀਲ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਅਤੇ ਕਿਸੇ ਵੀ ਜ਼ਬਰ, ਵਧੀਕੀ ਅਤੇ ਬੇਇਨਸਾਫ਼ੀ ਖ਼ਿਲਾਫ਼ ਸੰਘਰਸ਼ ਵਿਚ ਅਡੋਲ ਰਹਿਣ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਦਮਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਜਾਬ ਸਰਕਾਰ ਵਲੋਂ ਭਾਜਪਾ ਦੀ ਅਗਵਾਲੀ ਵਾਲੀ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰੇਗੀ।

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਮੋਦੀ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 50 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਪਿਛਲੇ ਇਕ ਦਹਾਕੇ ਦਾ ਸਭ ਤੋਂ ਘੱਟ (ਮਹਿਜ਼ 2.6 ਫੀਸਦੀ) ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (ਸੀ. ਏ. ਸੀ. ਪੀ.) ਨੇ ਖੁਰਾਕੀ ਵਸਤਾਂ ਦੀ 8.4 ਫੀਸਦੀ ਮਹਿੰਗਾਈ ਦੇ ਮੱਦੇਨਜ਼ਰ ਘੱਟੋ-ਘੱਟ ਸਮਰਥਨ ਮੁੱਲ ਵਿਚ 6 ਫੀਸਦੀ ਵਾਧੇ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਪੈਰ ਪਿਛਾਂਹ ਖਿੱਚ ਰਹੀ ਹੈ।

ਇਸ ਮੁੱਦੇ 'ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸੁਖਬੀਰ ਲੋਕਾਂ ਨੂੰ ਜਵਾਬਦੇਹ ਹੈ ਕਿ ਉਹ ਕਿਉਂ ਭਾਜਪਾ ਦੇ ਹਰ ਪੰਜਾਬ ਵਿਰੋਧੀ ਪੈਂਤੜੇ ਵਿਚ ਭਾਈਵਾਲ ਹਨ? ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਕ ਸ਼ਬਦ ਤੱਕ ਨਹੀਂ ਬੋਲਿਆ। ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਸੁਖਬੀਰ ਯਾਦ ਰੱਖੇ ਕਿ ਅਜਿਹੇ ਭਾਵੁਕ ਮੁੱਦੇ 'ਤੇ ਜਾਂ ਤਾਂ ਪ੍ਰਧਾਨ ਮੰਤਰੀ ਦੇ ਪੈਰੀਂ ਪੈ ਜਾਣ ਜਾਂ ਫਿਰ ਕਰੜੇ ਵਿਰੋਧ 'ਤੇ ਉਤਾਰੂ ਹੋ ਜਾਣ। ਤੁਸੀਂ ਸਿਰਫ਼ ਕਿਸਾਨਾਂ ਦੇ ਹੱਕ ਵਿਚ ਹੋਣ ਦਾ ਢਕਵੰਜ ਰਚ ਰਹੇ ਹੋ।

ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੂਬੇ ਦੇ ਪਾਣੀਆਂ ਦੀ ਰਾਖੀ ਕੀਤੀ ਅਤੇ ਹੁਣ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਲੋੜ ਪੈਣ 'ਤੇ ਹਰ ਸੰਭਵ ਕਦਮ ਚੁੱਕਣਗੇ। ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਕਿਸਾਨੀ ਵਿਰੋਧੀ ਖੇਤੀਬਾੜੀ ਬਿੱਲਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਵੇਗੀ। ਬਾਦਲ ਨੇ ਕਿਹਾ ਕਿ ਇਹ ਉੱਚਿਤ ਸਮਾਂ ਹੈ ਜਦੋਂ ਪੰਜਾਬੀਆਂ ਨੂੰ ਪੰਜਾਬੀ ਪੱਖੀ ਅਤੇ ਪੰਜਾਬੀ ਵਿਰੋਧੀ ਤਾਕਤਾਂ ਵਿਚਲੇ ਅੰਤਰ ਪਛਾਨਣਾ ਪਵੇਗਾ।


Deepak Kumar

Content Editor

Related News