ਅੰਨਗੜ੍ਹ ’ਚ ਪੁਲਸ ਵੱਲੋ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਹੋਈ ਠੱਪ, ਨਸ਼ੇ ਵੇਚਣ ਵਾਲੇ ਸਰਗਰਮ
Tuesday, Oct 19, 2021 - 02:00 AM (IST)
ਅੰਮ੍ਰਿਤਸਰ (ਜਸ਼ਨ)- ਥਾਣਾ ਗੇਟ ਹਕੀਮਾ ਅਧੀਨ ਪੈਂਦੀ ਪੁਲਸ ਚੌਕੀ ਅੰਨਗੜ੍ਹ ਆਏ ਦਿਨ ਨਾਜਾਇਜ਼ ਸ਼ਰਾਬ ਵਾਲਿਆਂ ਖਿਲਾਫ ਖਾਨਾਪੂਰਤੀ ਕਰ ਕੇ 1-2 ਮਾਮਲੇ ਦਰਜ ਕਰ ਰਹੀ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਪੁਲਸ ਚੌਕੀ ਅੰਨਗੜ੍ਹ ਦੀ 40 ਫੁੱਟ ਦੀ ਦੂਰੀ ’ਤੇ ਨਾਜਾਇਜ਼ ਸ਼ਰਾਬ, ਦੜਾ-ਸੱਟਾ ਅਤੇ ਹੋਰ ਨਸ਼ੇ ਵਾਲੇ ਪਦਾਰਥ ਵੇਚਣ ਵਾਲੇ ਗਲੀਆਂ ਦੇ ਬਾਹਰ ਖੜ੍ਹੇ ਹੋ ਕੇ ਅਕਸਰ ਹੀ ਗਾਹਕਾਂ ਨੂੰ ਘੇਰਦੇ ਨਜ਼ਰ ਆਉਂਦੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪੁਲਸ ਦੀ ਮਿਲੀਭੁਗਤ ਨਾਲ ਅੰਨਗੜ੍ਹ ਸਮੇਤ ਹੋਰ ਲੱਗਦੇ ਇਲਾਕਿਆਂ ’ਚ ਉਕਤ ਨਾਜਾਇਜ਼ ਧੰਦਾ ਚੱਲ ਰਿਹਾ ਹੈ, ਜਿਨ੍ਹਾਂ ਖਿਲਾਫ ਸਥਾਨਕ ਪੁਲਸ ਕਾਰਵਾਈ ਕਰਨ ਤੋਂ ਖਾਮੋਸ਼ ਨਜ਼ਰ ਆ ਰਹੀ ਹੈ।
ਇਨ੍ਹਾਂ ਥਾਵਾਂ ’ਤੇ ਚੱਲ ਰਹੇ ਸ਼ਰਾਬ ਦੇ ਅੱਡੇ
ਸੂਤਰਾਂ ਮੁਤਾਬਕ ਅੰਨਗੜ੍ਹ ਖੇਤਰ ਦੇ ਨਜ਼ਦੀਕ ਪੈਂਦੇ ਆਸੇ-ਪਾਸੇ ਇਲਾਕਿਆਂ ’ਚ ਦਰਜਨ ਦੇ ਕਰੀਬ ਨਾਜਾਇਜ਼ ਸ਼ਰਾਬ ਦੇ ਅੱਡੇ ਚੱਲ ਰਹੇ ਹਨ, ਜਿਨ੍ਹਾਂ ’ਚ ਨੀਵੇਂ ਇਲਾਕੇ ਵਿਚ ਗੁਲਸ਼ਨ ਦਾ ਅੱਡਾ, ਰੇਲਵੇ ਲਾਈਨਾਂ ’ਤੇ ਸੱਤੇ ਦਾ ਅੱਡਾ, ਅੰਨਗੜ੍ਹ ਮੇਨ ਰੋਡ ’ਤੇ ਜੌਨਸਮਾਰੀਆਂ ਦਾ ਅੱਡਾ, ਗਲੀ ਨੰਬਰ 4 ਵਿਚ ਕਰਤਾਰ ਦਾ ਅੱਡਾ, ਪਾਲੋ ਦਾ ਅੱਡਾ ਆਦਿ ਚੱਲ ਰਹੇ ਹਨ ਅਤੇ ਇਸ ਤੋਂ ਇਲਾਵਾ ਭਰਾੜੀਵਾਲ ਅਤੇ ਪ੍ਰੀਤ ਐਵੇਨਿਊ ਵਿਖੇ ਨਾਜਾਇਜ਼ ਸ਼ਰਾਬ ਅਤੇ ਸਮੈਕ ਆਦਿ ਦਾ ਧੰਦਾ ਚੱਲ ਰਿਹਾ ਹੈ ਅਤੇ ਦੜੇ-ਸੱਟੇ ਦੀਆਂ ਪਰਚੀਆਂ ਲੱਗਣ ਤੋਂ ਇਲਾਵਾ ਵੱਡੇ ਪੱਧਰ ’ਤੇ ਜੂਆ ਵੀ ਚੱਲਦਾ ਹੈ, ਜਿਨ੍ਹਾਂ ਖਿਲਾਫ ਸਥਾਨਕ ਪੁਲਸ ਕਾਰਵਾਈ ਕਰਨ ਲਈ ਕੁੰਭਕਰਨ ਦੀ ਨੀਂਦ ਸੁੱਤੀ ਪਈ ਦਿੱਸ ਰਹੀ ਹੈ।
ਸਰਚ ਮੁਹਿੰਮ ਦੌਰਾਨ ਨਹੀਂ ਹੁੰਦੀ ਕੋਈ ਸਫਲਤਾ ਹਾਸਲ
ਨਸ਼ਿਆਂ ਨਾਲ ਬਦਨਾਮ ਖੇਤਰ ਵਿਚ ਜਦੋਂ ਵੀ ਥਾਣਾ ਗੇਟ ਹਕੀਮਾ ਅਤੇ ਚੌਕੀ ਅੰਨਗੜ੍ਹ ਦੀ ਪੁਲਸ ਵੱਲੋਂ ਸਰਚ ਮੁਹਿੰਮ ਚਲਾਈ ਜਾਂਦੀ ਹੈ ਤਾਂ ਪੁਲਸ ਹੱਥ ਕੋਈ ਵੀ ਸਫਲਤਾ ਹਾਸਲ ਨਹੀਂ ਹੁੰਦੀ। ਅੰਨਗੜ੍ਹ ਮੇਨ ਰੋਡ ’ਤੇ ਪੁਲਸ ਚੌਕੀ ਸਥਾਪਤ ਹੋਣ ਦੇ ਬਾਵਜੂਦ ਵੀ ਜੇਕਰ ਮੇਨ ਰੋਡ ’ਤੇ ਗਲੀਆਂ ’ਚ ਨਾਜਾਇਜ਼ ਸ਼ਰਾਬ ਅਤੇ ਹੋਰ ਦੜਾ-ਸੱਟਾ ਆਦਿ ਦਾ ਧੰਦਾ ਚੱਲਦਾ ਹੈ ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਭ ਕੁਝ ਪੁਲਸ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ।
ਪੁਲਸ ਕਮਿਸ਼ਨਰ ਗਿੱਲ ਨੇ ਕੀਤਾ ਸੀ ਦੌਰਾ
ਕਰੀਬ 4 ਕੁ ਮਹੀਨੇ ਪਹਿਲਾਂ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵੱਲੋਂ ਅੰਨਗੜ੍ਹ ਇਲਾਕੇ ਦਾ ਦੌਰਾ ਕੀਤਾ ਗਿਆ ਸੀ, ਉਸ ਸਮੇਂ ਸੀ. ਪੀ. ਗਿੱਲ ਨੇ ਕੁਝ ਘਰਾਂ ਨੂੰ ਵੀ ਪੁੱਛਿਆ ਸੀ ਕਿ ਇਸ ਇਲਾਕੇ ’ਚ ਕੋਈ ਨਾਜਾਇਜ਼ ਕਾਰੋਬਾਰ ਹੁੰਦਾ ਹੈ ਤਾਂ ਕਈ ਲੋਕਾਂ ਸਥਾਨਕ ਪੁਲਸ ਤੋਂ ਡਰਦਿਆਂ ਕਿਹਾ ਸੀ ਕਿ ਨਹੀਂ। ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਫਿਰ ਇਸ ਇਲਾਕੇ ’ਚ ਨਾਜਾਇਜ਼ ਸ਼ਰਾਬ, ਸਮੈਕ, ਜੂਆ ਅਤੇ ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲੇ ਸਰਗਰਮ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪੁਲਸ ਦਾ ਕੋਈ ਵੀ ਡਰ ਨਹੀਂ ਹੈ। ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਨਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਾਬਕਾ ਕੌਂਸਲਰ ਵੱਲੋਂ ਅੰਨਗੜ੍ਹ ’ਚ ਵਿਕਦੇ ਨਸ਼ਿਆਂ ਖਿਲਾਫ ਥਾਣਾ ਗੇਟ ਹਕੀਮਾ ਮੂਹਰੇ ਧਰਨਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਥਾਣਾ ਗੇਟ ਹਕੀਮਾਂ ਦੇ ਮੁਖੀ ਅਤੇ ਚੌਕੀ ਅੰਨਗੜ੍ਹ ਦੇ ਇੰਚਾਰਜ ਵੱਲੋਂ ਭਰੋਸਾ ਦੇਣ ਤੋਂ ਬਾਅਦ ਵਿੱਕਣ ਵਾਲੇ ਨਸ਼ਿਆਂ ’ਤੇ ਕੋਈ ਸ਼ਿਕੰਜਾ ਨਹੀਂ ਕੱਸਿਆ ਗਿਆ।
ਕੀ ਕਹਿਣੈ ਏ. ਸੀ. ਪੀ. ਸੈਂਟਰਲ ਦਾ
ਇਸ ਸਬੰਧੀ ਜਦੋਂ ਏ. ਸੀ. ਪੀ. ਸੈਂਟਰਲ ਪਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਜਦੋਂ ਉਨ੍ਹਾਂ ਨੂੰ ਅੰਨਗੜ੍ਹ ’ਚ ਵਿਕ ਰਹੇ ਨਾਜਾਇਜ਼ ਸ਼ਰਾਬ ਅਤੇ ਨਸ਼ੇ ਵਾਲੇ ਪਦਾਰਥਾਂ ਅਤੇ ਦੜੇ-ਸੱਟੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣ ਅੰਨਗੜ੍ਹ ’ਚੋਂ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ ਕੀਤੀ ਹੈ ਅਤੇ ਦੜੇ-ਸੱਟੇ ਦਾ ਕੋਈ ਵੀ ਕਾਰੋਬਾਰ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰ ਕੇ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ।