ਆਂਗਨਵਾੜੀ ਵਰਕਰਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤਾ ਕੋਰਾ ਜਵਾਬ

01/18/2018 3:17:45 PM


ਮੰਡੀ ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਕੇਂਦਰ ਸਰਕਾਰ ਵੱਲੋਂ ਪਿਛਲੇਂ ਸਮੇਂ ਦੌਰਾਨ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਤੇ ਯੋਜਨਾਵਾਂ ਬਾਰੇ ਇਕ ਸਰਵੇਖਣ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਸਕੀਮਾ ਦਾ ਲਾਭ ਲੋਕਾਂ ਨੂੰ ਮਿਲਿਆ ਹੈ ਕਿ ਨਹੀਂ । ਜੇਕਰ ਸਰਕਾਰ ਨੇ ' ਮਹਾਤਮਾ ਗਾਂਧੀ ਸਰਬੱਤ ਯੋਜਨਾ ' ਸਰਵੇਖਣ ਕਰਨ ਲਈ ਫਾਰਮ ਪੰਜਾਬ ਸਰਕਾਰ ਨੂੰ ਭੇਜੇ ਹਨ ਤੇ ਸਰਕਾਰ ਨੇ ਅੱਗੋ ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰਾਂ ਨੇ ਐਸ. ਡੀ. ਐਮ. ਨੂੰ ਕਹਿ ਦਿੱਤਾ ਹੈ ਤੇ ਐਸ. ਡੀ. ਐਮ. ਨੇ ਬੀ. ਡੀ. ਪੀ. ਓ. 'ਤੇ ਜ਼ਿੰਮੇਵਾਰੀ ਸੁੱਟ ਦਿੱਤੀ। ਬੀ ਡੀ ਪੀ ਓ ਨੇ ਪੰਚਾਇਤ ਅਫ਼ਸਰ ਨੂੰ ਕਿਹਾ ਕਿ ਪੰਚਾਇਤ ਅਫ਼ਸਰਾਂ ਨੇ ਇਹ ਫਾਰਮ ਪੰਚਾਇਤ ਸੈਕਟਰੀਆ ਦੇ ਹੱਥ ਫੜਾ ਦਿੱਤੇ ਪਰ ਅੱਗੋ ਪੰਚਾਇਤ ਸੈਕਟਰੀਆਂ ਨੇ ਇਹ ਸਰਵੇਖਣ ਫਾਰਮਾ ਦੀ ਪੰਡ ਆਂਗਨਵਾੜੀ ਵਰਕਰਾਂ ਨੂੰ ਆ ਫੜਾਈ ਹੈ ਤੇ ਹੁਣ ਆਂਗਨਵਾੜੀ ਵਰਕਰਾਂ ਨੇ ਇਹ ਸਰਵੇਖਣ ਕਰਨ ਤੋਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਕੋਰਾ ਜਵਾਬ ਦੇ ਦਿੱਤਾ ਤੇ ਕਿਹਾ ਹੈ ਕਿ ਉਹ ਇਹ ਸਰਵੇਖਣ ਨਹੀਂ ਕਰਨਗੀਆਂ। ਅੱਜ ਇਸ ਖੇਤਰ ਦੇ ਵੱਖ ਵੱਖ ਪਿੰਡਾਂ ਦੀਆਂ ਆਂਗਨਵਾੜੀ ਵਰਕਰਾਂ ਜਿੰਨਾਂ ਨੂੰ ਇਹ ਫਾਰਮ ਦਿੱਤੇ, ਉਹ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੁੱਜੀਆ ਤੇ ਤਹਿਸੀਲਦਾਰ ਇਕਬਾਲ ਸਿੰਘ ਨੂੰ ਇਸ ਸਬੰਧ ਵਿਚ ਮਿਲੀਆ ਤੇ ਕਿਹਾ ਕਿ ਇਹ ਕੰਮ ਸਾਡੇ ਵਿਭਾਗ ਤੋਂ ਬਾਹਰ ਹੈ ਤੇ ਕੇਂਦਰ ਸਰਕਾਰ ਨੇ ਇਕ ਚਿੱਠੀ ਜਾਰੀ ਕੀਤੀ ਹੈ ਕਿ ਵਰਕਰਾਂ ਕੋਲੋਂ ਵਿਭਾਗ ਤੋਂ ਬਿਨਾਂ ਹੋਰ ਕੋਈ ਵਾਧੂ ਕੰਮ ਨਹੀਂ ਲਿਆ ਜਾਵੇਗਾ। ਇਸ ਸਮੇਂ ਯੂਨੀਅਨ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਕਿਰਨਪਾਲ ਕੌਰ ਮਹਾਂਬੱਧਰ, ਪਰਮਜੀਤ ਕੌਰ ਰਹੂੜਿਆਂਵਾਲੀ, ਮਨਦੀਪ ਕੌਰ ਰਹੂੜਿਆਂਵਾਲੀ ਆਦਿ ਤੋਂ ਇਲਾਵਾ ਵਿਭਾਗ ਦੀਆਂ ਸੁਪਰਵਾਈਜਰਾਂ ਮੌਜੂਦ ਸਨ।
 


Related News