ਪੰਜਾਬ ''ਚ ਅੰਤਰਰਾਸ਼ਟਰੀ ਪੱਧਰ ਦਾ ਸਿੱਖਿਆ ਢਾਂਚਾ ਸਥਾਪਤ ਕਰਨ ਵੱਲ ਮਾਨ ਸਰਕਾਰ ਦਾ ਇਕ ਹੋਰ ਕਦਮ

11/11/2022 10:02:53 PM

ਚੰਡੀਗੜ੍ਹ (ਬਿਉਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿਚ ਅੰਤਰਰਾਸ਼ਟਰੀ ਪੱਧਰ ਦੇ ਸਿੱਖਿਆ ਢਾਂਚੇ ਸਥਾਪਤ ਕਰਨ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਰਹੇ ਕਾਰਜਾਂ ਤਹਿਤ ਇਕ ਹੋਰ ਕਦਮ ਚੁੱਕਿਆ ਹੈ। ਸਕੂਲ ਸਿੱਖਿਆ ਵਿਭਾਗ 'ਚ ਕੰਮ ਕਰ ਰਹੇ ਸਿੱਖਿਆ ਪ੍ਰਸ਼ਾਸਕਾਂ, ਸਕੂਲ ਮੁਖੀਆਂ ਅਤੇ ਵੱਖ-ਵੱਖ ਕਾਡਰਾਂ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਦੇਸ਼ ਅੰਦਰ ਅਤੇ ਵਿਦੇਸ਼ਾਂ ਵਿਚ ਸਿੱਖਿਆ ਦੇ ਖੇਤਰ ਵਿਚ ਬਿਹਤਰ ਕਾਰਗੁਜ਼ਾਰੀ ਲਈ ਕਾਰਜ ਕਰ ਰਹੀਆਂ ਸੰਸਥਾਵਾਂ ਪਾਸੋਂ ਓਰੀਐਂਟੇਸ਼ਨ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਫ਼ਤਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਅਧੀਨ ਅੰਤਰਰਾਸ਼ਟਰੀ ਵਿੱਦਿਅਕ ਮਾਮਲਿਆਂ ਦੇ ਸੈੱਲ ਦਾ ਗਠਨ ਕੀਤਾ ਗਿਆ ਹੈ। 

ਇਹ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸੈੱਲ ਦੀ ਸਥਾਪਨਾ ਦਾ ਮੁੱਖ ਉਦੇਸ਼ ਸਿੱਖਿਆ ਵਿਭਾਗ 'ਚੋਂ ਉਨ੍ਹਾਂ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਪਾਰਦਰਸ਼ੀ ਢੰਗ ਨਾਲ ਚੋਣ ਕਰਨੀ ਹੈ ਜਿਨ੍ਹਾਂ ਨੂੰ ਕੌਮਾਂਤਰੀ ਜਾਂ ਰਾਸ਼ਟਰੀ ਸੰਸਥਾਵਾਂ 'ਚੋਂ ਪੰਜਾਬ ਦੀ ਸਕੂਲੀ ਸਿੱਖਿਆ ਦੇ ਵਿਕਾਸ ਲਈ ਸਿਖਲਾਈ ਪ੍ਰਾਪਤ ਕਰਨ ਲਈ ਭੇਜਣਾ ਹੈ ਤਾਂ ਜੋ ਭਵਿੱਖ ਵਿਚ ਬੈਸਟ ਪ੍ਰੈਕਟਿਸਜ਼ ਨੂੰ ਲਾਗੂ ਕਰਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਡੇਂਗੂ ਵਿਰੁੱਧ ਜੰਗ ਹੋਵੇਗੀ ਤੇਜ਼, ਸਿਹਤ ਮੰਤਰੀ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਬੈਂਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿੱਦਿਅਕ ਮਾਮਲਿਆਂ ਦੇ ਸੈੱਲ ਦਾ ਮੁੱਖ ਉਦੇਸ਼ ਇਹ ਵੀ ਹੋਵੇਗਾ ਕਿ ਅਧਿਆਪਕਾਂ ਦੀ ਸਮਰੱਥਾ ਉਸਾਰੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਦੇ ਵਿਸ਼ੇਸ਼ ਦੌਰੇ ਕਰਵਾਏ ਜਾਣ ਜਿਨ੍ਹਾਂ ਦੀ ਸਿੱਖਿਆ ਪ੍ਰਣਾਲੀ ਦੀਆਂ ਵਧੀਆਂ ਨੀਤੀਆਂ ਅਤੇ ਉਨ੍ਹਾਂ ਦੀਆਂ ਚੰਗੀਆਂ ਪੇਸ਼ਕਾਰੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾ ਸਕੇ।

ਅੰਤਰਰਾਸ਼ਟਰੀ ਵਿੱਦਿਅਕ ਮਾਮਲਿਆਂ ਦਾ ਸੈੱਲ ਵਿਦੇਸ਼ੀ ਸਿੱਖਿਆ ਦੀ ਜਾਣਕਾਰੀ ਲੈਣ ਲਈ ਜਾਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਚੋਣ ਲਈ ਵਿਸ਼ੇਸ਼ ਪਾਰਦਰਸ਼ੀ ਪ੍ਰਣਾਲੀ ਬਣਾਏਗਾ। ਸੈੱਲ ਵੱਲੋਂ ਵਿੱਦਿਅਕ ਪ੍ਰਸ਼ਾਸਕਾਂ, ਸਕੂਲ ਮੁਖੀਆਂ ਅਤੇ ਵੱਖ-ਵੱਖ ਕਾਡਰਾਂ ਵਿਚ ਕੰਮ ਕਰਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਮਰੱਥਾ ਉਸਾਰੀ ਲਈ ਪ੍ਰੋਗਰਾਮ ਤਿਆਰ ਕਰੇਗਾ ਅਤੇ ਇਨ੍ਹਾਂ ਦੇ ਸਮਰੱਥਾ ਉਸਾਰੀ ਪ੍ਰੋਗਰਾਮਾਂ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਦੌਰਿਆਂ ਨਾਲ ਹੋਈ ਸਮਰੱਥਾ ਉਸਾਰੀ ਦਾ ਮੁਲਾਂਕਣ ਵੀ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News