ਪੰਜਾਬ 'ਚ ਦਿਨ-ਦਿਹਾੜੇ ਹੋਇਆ ਇਕ ਹੋਰ ਕਤਲ, ਸੈਲੂਨ ਗਏ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Wednesday, Nov 16, 2022 - 07:52 PM (IST)

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਬੁੱਧਵਾਰ ਨੂੰ ਪੰਜਾਬ ਵਿਚ ਦਿਨ-ਦਿਹਾੜੇ ਇਕ ਹੋਰ ਨੌਜਵਾਨ ਦਾ ਕਤਲ ਹੋ ਗਿਆ। ਉਕਤ ਨੌਜਵਾਨ ਆਪਣੇ ਦੋਸਤ ਦੇ ਨਾਲ ਸੈਲੂਨ ਗਿਆ ਸੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਚਲਦੀ ਰੰਜਿਸ਼ ਦੇ ਕਾਰਨ ਕੁੱਝ ਲੋਕਾਂ ਨੇ ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਇਕ ਨੌਜਵਾਨ ਦਮ ਤੋੜ ਗਿਆ। ਉਸ ਦਾ ਦੋਸਤ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਜਾਣਕਾਰੀ ਮੁਤਾਬਕ ਮੋਗਾ ਦੇ ਦੋਸਾਂਝ ਰੋਡ ਸਥਿਤ ਇਕ ਨਿਜੀ ਸਕੂਲ ਦੀ ਪਾਰਕਿੰਗ ਨੇੜੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਵੱਲੋਂ 2 ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਰੋਹਿਤ ਕੁਮਾਰ ਅਤੇ ਬੱਲੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਰੋਹਿਤ ਕੁਮਾਰ ਦੀ ਮੌਤ ਹੋ ਗਈ।

PunjabKesari

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰੋਹਿਤ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਅਜੀਤ ਨਗਰ ਵਿਚ 5 ਮਰਲੇ ਦਾ ਪਲਾਟ ਹੈ ਜਿਸ 'ਤੇ ਨੀਤਾ ਭਾਊ ਨਾਂ ਦੇ ਵਿਅਕਤੀ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਵਾਰ-ਵਾਰ ਨੀਤਾ ਭਾਊ ਨੂੰ ਕਬਜ਼ਾ ਛੱਡਣ ਲਈ ਬੇਨਤੀ ਕੀਤੀ ਜਾ ਰਹੀ ਸੀ। ਅਖੀਰਲੀ ਵਾਰ ਉਹ ਆਪਣੀ ਮਾਤਾ ਦੇ ਨਾਲ ਤਕਰੀਬਨ 10 ਦਿਨ ਪਹਿਲਾਂ ਨੀਤਾ ਭਾਊ ਨੂੰ ਮਿਲ ਕੇ ਪਲਾਟ ਖਾਲੀ ਕਰਨ ਲਈ ਕਹਿ ਕੇ ਆਏ ਸੀ ਜਿਸ 'ਤੇ ਸਹਿਮਤ ਹੋ ਕੇ ਉਨ੍ਹਾਂ ਜ਼ਮੀਨ ਖ਼ਾਲੀ ਵੀ ਕਰ ਦਿੱਤੀ ਸੀ। ਅੱਜ ਮੀਤਾ ਵੱਲੋਂ ਆਪਣੇ 10-12 ਸਾਥੀਆਂ ਦੇ ਨਾਲ ਉਸ ਦੇ ਭਰਾ ਰੋਹਿਤ ਕੁਮਾਰ 'ਤੇ ਉਸ ਵੇਲੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਉਹ ਸੈਲੂਨ ਗਿਆ ਹੋਇਆ ਸੀ ਤੇ ਇਲਾਜ ਦੌਰਾਨ ਰੋਹਿਤ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਸੈਲੂਨ ਮਾਲਕ ਮੁਤਾਬਕ ਇਹ ਘਟਨਾ ਉਸ ਦੀ ਦੁਕਾਨ ਤੋਂ ਥੋੜੀ ਦੂਰੀ 'ਤੇ ਵਾਪਰੀ। ਜ਼ਮੀਨੀ ਵਿਵਾਦ ਦੇ ਚਲਦਿਆਂ 10-12 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਜਦ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਮੋਟਰਸਾਈਕਲ 'ਤੇ ਸਿਵਲ ਹਸਪਤਾਲ ਲੈ ਕੇ ਪਹੁੰਚੇ। 

ਇਹ ਖ਼ਬਰ ਵੀ ਪੜ੍ਹੋ - ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਪਰਸ ਅਤੇ ਮੋਬਾਈਲ ਖੋਹਿਆ

ਮੋਗਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਸੁਖਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਹਸਪਤਾਲ ਵਿਚ 2 ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿਚ ਆਏ ਸਨ। ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਇਲਾਜ ਦੌਰਾਨ ਇਕ ਨੌਜਵਾਨ ਰੋਹਿਤ ਕੁਮਾਰ ਦੀ ਮੌਤ ਹੋ ਗਈ ਹੈ ਤੇ ਦੂਸਰੇ ਨੌਜਵਾਨ ਬੱਲੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਦਾ ਇਲਾਜ ਜਾਰੀ ਹੈ।

PunjabKesari

ਡੀ. ਐੱਸ. ਪੀ. ਸਿਟੀ ਅਤੇ ਐੱਸ. ਐੱਚ. ਓ. ਸਿਟੀ ਦਲਜੀਤ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਤਫਤੀਸ਼ ਕੀਤੀ ਗਈ। ਉਨ੍ਹਾਂ ਨੇ ਹਸਪਤਾਲ ਵਿਚ ਜ਼ਖਮੀ ਦੇ ਬਿਆਨ ਲਏ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News