ਕਰੋੜਾਂ ਦੀ ਬੋਗਸ ਬਿਲਿੰਗ, ਫਰਜ਼ੀ ਫਰਮਾਂ ਤੇ GST ਚੋਰੀ ਦਾ ਇਕ ਹੋਰ ਮਾਸਟਰਮਾਈਂਡ ਗ੍ਰਿਫ਼ਤਾਰ
Friday, Apr 21, 2023 - 11:08 PM (IST)
ਲੁਧਿਆਣਾ (ਸੇਠੀ) : ਡਾਇਰੈਕਟੋਰੇਟ ਜਨਰਲ ਆਫ਼ ਜੀ.ਐੱਸ.ਟੀ. ਇੰਟੈਲੀਜੈਂਸ (DGGI) ਨੇ ਵੱਡੀ ਕਾਰਵਾਈ ਕਰਦਿਆਂ 347 ਕਰੋੜ ਦੀ ਬੋਗਸ ਬਿਲਿੰਗ ਅਤੇ ਫਰਜ਼ੀ ਫਰਮਾਂ ਦਾ ਪਰਦਾਫਾਸ਼ ਕਰਦਿਆਂ 63 ਕਰੋੜ ਦੀ ਜੀ.ਐੱਸ.ਟੀ. ਚੋਰੀ ਦੇ ਕੇਸਾਂ ਦੇ ਮਾਸਟਰਮਾਈਂਡ ਰਾਹੁਲ ਬੱਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸੇ ਕੇਸ ਤਹਿਤ ਵਿਸ਼ਾਲ ਰਾਏ ਨਾਂ ਦੇ ਇਕ ਹੋਰ ਮੁਲਜ਼ਮ ਨੂੰ ਡੀਜੀਜੀਆਈ ਨੇ 7 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਰਾਹੁਲ ਬੱਸੀ ਨੇ ਵਿਸ਼ਾਲ ਰਾਏ ਨਾਲ ਮਿਲ ਕੇ ਲੋਕਾਂ ਦੀ ਮਨਜ਼ੂਰੀ, ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਹੋਰ ਵਿਅਕਤੀਆਂ ਦੇ ਨਾਂ 'ਤੇ 30 ਤੋਂ ਵੱਧ ਡੰਮੀ ਫਰਮਾਂ ਖੋਲ੍ਹੀਆਂ ਹੋਈਆਂ ਸਨ। ਸੀਜੀਐੱਸਟੀ ਐਕਟ 2017 ਦੇ ਉਪਬੰਧਾਂ ਦੀ ਉਲੰਘਣਾ ਕਰਦਿਆਂ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਬਿੱਲ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਕਰੋੜਾਂ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਅਤੇ ਵਿਸ਼ਾਲ ਰਾਏ ਦੁਆਰਾ ਚਲਾਈਆਂ ਜਾ ਰਹੀਆਂ 3 ਫਰਮਾਂ ਦਿ ਮੋਬਾਇਲ ਐਂਪੀਅਰ, ਜੈ ਅੰਬੇ ਇੰਟਰਨੈਸ਼ਨਲ ਤੇ ਐੱਸ.ਕੇ. ਟ੍ਰੇਡਰਜ਼ ਨੇ ਧੋਖੇ ਨਾਲ 63 ਕਰੋੜ ਰੁਪਏ ਦੇ ਆਈ.ਟੀ.ਸੀ. ਦਾ ਲਾਭ ਉਠਾਇਆ।
ਇਹ ਵੀ ਪੜ੍ਹੋ : ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਗੋਲਡੀ ਕੰਬੋਜ ਦਾ ਪਹਿਲਾ ਬਿਆਨ ਆਇਆ ਸਾਹਮਣੇ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਰਾਏ ਦੇ ਬਿਆਨਾਂ ਅਨੁਸਾਰ ਰਾਹੁਲ ਬੱਸੀ ਜੀ.ਐੱਸ.ਟੀ. ਧੋਖਾਧੜੀ ਤੋਂ ਕਮਾਏ ਪੈਸਿਆਂ 'ਚ 50 ਫ਼ੀਸਦੀ ਹਿੱਸੇਦਾਰ ਸੀ, ਜਦੋਂ ਵਿਸ਼ਾਲ ਰਾਏ ਨੂੰ ਜਨਵਰੀ ਮਹੀਨੇ 'ਚ ਡੀ.ਜੀ.ਜੀ.ਆਈ. ਨੇ ਗ੍ਰਿਫ਼ਤਾਰ ਕੀਤਾ ਸੀ ਤਾਂ ਰਾਹੁਲ ਬੱਸੀ ਤੇ ਉਸ ਦਾ ਪਰਿਵਾਰ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ ਸੀ। ਵਿਭਾਗ ਵੱਲੋਂ ਸੁਤੰਤਰ ਗਵਾਹਾਂ ਅਤੇ ਸਥਾਨਕ ਪੁਲਸ ਦੀ ਮੌਜੂਦਗੀ ਵਿੱਚ ਤਾਲੇ ਤੋੜ ਕੇ ਘਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਰਾਹੁਲ ਬੱਸੀ ਦੇ ਹੱਥਾਂ ਨਾਲ ਲਿਖੀ ਕਰੋੜਾਂ ਰੁਪਏ ਦੇ ਲੈਣ-ਦੇਣ ਨੂੰ ਦਰਸਾਉਂਦੀ ਇਕ ਡਾਇਰੀ ਬਰਾਮਦ ਕਰਕੇ ਜ਼ਬਤ ਕੀਤੀ ਗਈ। ਇਸ ਤੋਂ ਬਾਅਦ ਰਾਹੁਲ ਬੱਸੀ ਡੀਜੀਜੀਆਈ ਸਾਹਮਣੇ ਪੇਸ਼ ਹੋਣ ਤੋਂ ਬਚਦਾ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਜ਼ਬਤ ਕੀਤੀਆਂ ਡਾਇਰੀਆਂ ਅਤੇ ਦਸਤਾਵੇਜ਼ ਅੱਗੇ ਦੀ ਜਾਂਚ 'ਚ ਮਦਦਗਾਰ ਸਾਬਤ ਹੋਏ ਹਨ। ਇਸ ਮਾਮਲੇ ਵਿੱਚ ਡੀਜੀਜੀਆਈ ਨੇ ਹੁਣ ਤੱਕ ਅਧਿਕਾਰ ਖੇਤਰ ਵਾਲੇ ਜੀਐੱਸਟੀ ਅਥਾਰਟੀਆਂ ਤੋਂ 30 ਤੋਂ ਵੱਧ ਫਰਮਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਕਰ ਦਿੱਤੀਆਂ ਹਨ, ਜੋ ਜਾਂਚ ਦੌਰਾਨ ਇਸ ਧੋਖਾਧੜੀ, ਗੈਰ-ਮੌਜੂਦਗੀ ਅਤੇ ਜਾਅਲਸਾਜ਼ੀ ਵਿੱਚ ਸ਼ਾਮਲ ਪਾਈਆਂ ਗਈਆਂ ਸਨ। ਮੁਲਜ਼ਮ ਰਾਹੁਲ ਬੱਸੀ ਵਾਸੀ ਨਿਊ ਸੁਭਾਸ਼ ਨਗਰ, ਲੁਧਿਆਣਾ ਨੂੰ 20 ਅਪ੍ਰੈਲ ਨੂੰ ਜੀਐੱਸਟੀ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਬੇਰਹਿਮੀ ਦੀ ਹੱਦ ਪਾਰ! ਖਾਣ ਲਈ ਧੁੱਪ ਦਿੰਦੇ ਸਨ ਮਾਪੇ, ਭੁੱਖ ਨਾਲ ਤੜਫ-ਤੜਫ ਮਰਿਆ ਇਕ ਮਹੀਨੇ ਦਾ ਮਾਸੂਮ
ਸ਼ਹਿਰ 'ਚ ਬੋਗਸ ਬਿਲਿੰਗ ਕਾਰਨ GST ਵਕੀਲਾਂ ਦੀ ਚਾਂਦੀ
ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਬਿਆਨਾਂ ਅਨੁਸਾਰ ਲੁਧਿਆਣਾ ਦਾ ਇਕ ਨਾਮਵਰ ਵਕੀਲ ਅਤੇ ਜੀਐੱਸਟੀ ਪ੍ਰੈਕਟੀਸ਼ਨਰ ਅਜਿਹੀ ਹਰ ਫਰਮ, ਜਿਸ ਦੀ ਸੇਲ 22-23 ਕਰੋੜ ਰੁਪਏ ਤੱਕ ਦੀ ਹੈ, ਨੂੰ ਬੰਦ ਕਰਨ ਲਈ 14 ਲੱਖ ਰੁਪਏ ਪ੍ਰਤੀ ਫਰਮ ਵਸੂਲ ਕਰ ਰਿਹਾ ਸੀ। ਅੱਗੇ ਇਹ ਵੀ ਦੱਸਿਆ ਗਿਆ ਕਿ ਉਕਤ ਵਕੀਲ ਨੇ ਜੀਐੱਸਟੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਨਾਂ 'ਤੇ 2 ਮਹੀਨਿਆਂ ਦੇ ਅੰਦਰ ਹੀ ਮੁਲਜ਼ਮਾਂ ਤੋਂ 95 ਲੱਖ ਰੁਪਏ ਲੈ ਲਏ ਹਨ, ਜਿਨ੍ਹਾਂ 'ਚੋਂ 25 ਲੱਖ ਦੀ ਰਕਮ ਬੈਂਕਿੰਗ ਚੈਨਲਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸੇ ਮਾਮਲੇ 'ਚ ਇਕ ਹੋਰ ਵਕੀਲ, ਜਿਸ ਦਾ ਦਫ਼ਤਰ ਡੀ.ਐੱਮ.ਸੀ. ਹਸਪਤਾਲ ਦੇ ਪਿੱਛੇ ਦੱਸਿਆ ਜਾ ਰਿਹਾ ਹੈ, ਨੇ ਵਿਸ਼ਾਲ ਰਾਏ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਡੀ.ਜੀ.ਜੀ.ਆਈ. ਤੋਂ ਰਿਹਾਅ ਕਰ ਦਿੱਤਾ ਅਤੇ ਇਸ ਕੇਸ ਨੂੰ ਕਲੀਅਰ ਕਰਨ ਦਾ ਵਾਅਦਾ ਕਰਕੇ ਬੱਸੀ ਤੋਂ 12 ਲੱਖ ਰੁਪਏ ਦੀ ਉਗਰਾਹੀ ਕੀਤੀ ਹੈ। ਇਸ ਦੇ ਨਾਲ ਹੀ ਸੁਣਨ ਵਿੱਚ ਆ ਰਿਹਾ ਹੈ ਕਿ ਵਿਭਾਗ ਵੱਲੋਂ ਮਾਮਲੇ ਦੀ ਜੰਗੀ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਕੇਸ ਵਿੱਚ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਵਕੀਲਾਂ ਖ਼ਿਲਾਫ਼ ਵਿਭਾਗ ਕੀ ਕਾਰਵਾਈ ਕਰੇਗਾ?
ਇਹ ਵੀ ਪੜ੍ਹੋ : ਐਲਨ ਮਸਕ ਦੇ ਸਪੇਸ ਟੂਰਿਜ਼ਮ ਮਿਸ਼ਨ ਨੂੰ ਝਟਕਾ, ਸਪੇਸਐਕਸ ਦੇ ਸਟਾਰਸ਼ਿਪ ਰਾਕੇਟ 'ਚ ਲਾਂਚਿੰਗ ਤੋਂ ਬਾਅਦ ਵਿਸਫੋਟ
ਬੋਗਸ ਬਿੱਲਾਂ ਦਾ ਕੀ ਕਰਦੇ ਸਨ?
ਦੱਸ ਦੇਈਏ ਕਿ 18% ਜੀਐੱਸਟੀ ਵਾਲੇ ਉਕਤ ਬਿੱਲਾਂ ਨੂੰ ਅੱਗੇ 1.5% 'ਤੇ ਵੇਚਿਆ ਗਿਆ ਅਤੇ ਬਾਕੀ 16.5% ਜੀਐੱਸਟੀ ਅਤੇ ਮਾਲ ਦੀ ਕੀਮਤ ਨੂੰ ਨਕਦੀ 'ਚ ਵਾਪਸ ਕਰਕੇ ਅਕਾਊਂਟ ਸੈਟਲ ਕਰ ਦਿੰਦੇ ਸਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਬਿੱਲ ਜ਼ਿਆਦਾਤਰ ਬਰਾਮਦਕਾਰਾਂ ਨੂੰ ਵੇਚੇ ਜਾਂਦੇ ਸਨ ਅਤੇ ਬਰਾਮਦਕਾਰਾਂ ਨੂੰ ਅੱਗੇ ਸਰਕਾਰ ਤੋਂ 18 ਫ਼ੀਸਦੀ ਰਿਫੰਡ ਪ੍ਰਾਪਤ ਕਰਦੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।