ਅਨੂਪ ਪਾਠਕ ਖ਼ੁਦਕੁਸ਼ੀ ਮਾਮਲਾ, 2 ਦਿਨਾਂ ’ਚ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਭਰੋਸੇ ਉਪਰੰਤ ਹੋਇਆ ਅੰਤਿਮ ਸੰਸਕਾਰ

Friday, Oct 01, 2021 - 02:45 PM (IST)

ਅਨੂਪ ਪਾਠਕ ਖ਼ੁਦਕੁਸ਼ੀ ਮਾਮਲਾ, 2 ਦਿਨਾਂ ’ਚ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਭਰੋਸੇ ਉਪਰੰਤ ਹੋਇਆ ਅੰਤਿਮ ਸੰਸਕਾਰ

ਜਲੰਧਰ (ਮਹੇਸ਼ ਖੋਸਲਾ, ਚੋਪੜਾ)– ਕਾਂਗਰਸੀ ਆਗੂ ਅਤੇ ਵਾਰਡ ਨੰਬਰ 51 ਦੀ ਕੌਂਸਲਰ ਰਾਧਿਕਾ ਪਾਠਕ ਦੇ 47 ਸਾਲਾ ਪਤੀ ਅਨੂਪ ਪਾਠਕ ਵੱਲੋਂ ਖ਼ੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੀੜਤ ਪਰਿਵਾਰ ਦੇ ਸਮਰਥਕਾਂ ਵੱਲੋਂ ਥਾਣਾ ਨੰਬਰ 4 ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਨੂਪ ਪਾਠਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਧਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਮੌਕੇ ’ਤੇ ਪਹੁੰਚੇ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਡੀ. ਸੀ. ਪੀ. ਸਿਟੀ-1 ਮੀਰ ਸੋਹੇਲ, ਏ. ਸੀ. ਪੀ. ਸੈਂਟਰਲ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਥਾਣਾ ਨੰਬਰ 4 ਦੇ ਇੰਚਾਰਜ ਇੰਸ. ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਮੁਲਜ਼ਮਾਂ ਨੂੰ ਅਗਲੇ ਦੋ ਦਿਨਾਂ ਵਿਚ ਕਾਬੂ ਕਰ ਲਏ ਜਾਣ ਦੇ ਦਿੱਤੇ ਭਰੋਸੇ ’ਤੇ ਧਰਨਾ ਨਾ ਲਾਉਂਦਿਆਂ ਸ਼ਾਮ ਨੂੰ ਹਰਨਾਮਦਾਸਪੁਰ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇੰਸ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਰਣਜੀਤ ਐਨਕਲੇਵ, ਅੰਮ੍ਰਿਤਸਰ ਨਿਵਾਸੀ ਇੰਦਰਜੀਤ ਚੌਧਰੀ ਅਤੇ ਉਸ ਦੇ ਪਤੀ ਰਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਦੇ ਚੰਡੀਗੜ੍ਹ ਵਿਚ ਰਹਿੰਦੇ ਸਾਂਢੂ ਅਮਰੀਕ ਸਿੰਘ ਸੰਧੂ ਸਮੇਤ ਅੱਧੀ ਦਰਜਨ ਦੇ ਲਗਭਗ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਖ਼ਿਲਾਫ਼ ਥਾਣਾ ਨੰਬਰ 4 ਵਿਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਐੱਫ. ਆਈ. ਆਰ. ਨੰਬਰ 87 ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਬਹੁਤ ਜਲਦ ਕਾਬੂ ਕਰ ਲਏ ਜਾਣਗੇ।
ਕਮਿਸ਼ਨਰੇਟ ਪੁਲਸ ਦੀਆਂ ਵੱਖ-ਵੱਖ ਤਿੰਨ ਟੀਮਾਂ ਮੁਲਜ਼ਮਾਂ ਤੱਕ ਪਹੁੰਚਣ ਲਈ ਕੰਮ ਕਰ ਰਹੀਆਂ ਹਨ। ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਇਲਾਵਾ ਦਸੂਹਾ ਅਤੇ ਮੁਕੇਰੀਆਂ ਵਿਚ ਵੀ ਪੁਲਸ ਟੀਮਾਂ ਰੇਡ ਕਰ ਰਹੀਆਂ ਹਨ। ਵੀਰਵਾਰ ਨੂੰ ਪੁਲਸ ਨੇ ਮੁਲਜ਼ਮਾਂ ਦੀ ਲੋਕੇਸ਼ਨ ਕਾਲਕਾ, ਪਿੰਜੌਰ ਦੀ ਆਉਣ ’ਤੇ ਉਥੇ ਵੀ ਕਈ ਜਗ੍ਹਾ ਉਨ੍ਹਾਂ ਦੀ ਭਾਲ ਕੀਤੀ। ਦਸੂਹਾ ਤੇ ਮੁਕੇਰੀਆਂ ਵਿਚ ਮੁਲਜ਼ਮਾਂ ਦੇ ਰਿਸ਼ਤੇਦਾਰ ਰਹਿੰਦੇ ਹਨ, ਜਿਸ ਕਾਰਨ ਉਥੇ ਰੇਡ ਕੀਤੀ ਗਈ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦਾ ਵੱਡਾ ਬਿਆਨ, ਕਿਹਾ-ਵਿਰੋਧੀ ਕਰ ਰਹੇ ਨੇ ‘ਕੈਪਟਨ’ ਦਾ ਇਸਤੇਮਾਲ

PunjabKesari

ਇਨਸਾਫ਼ ਨਾ ਮਿਲਿਆ ਤਾਂ ਪੁਲਸ ਕਮਿਸ਼ਨਰ ਦੇ ਘਰ ਦੇ ਬਾਹਰ ਲਾਵਾਂਗੇ ਧਰਨਾ  
ਪ੍ਰਾਪਰਟੀ ਦੇ ਝਗੜੇ ਵਿਚ ਇੰਦਰਜੀਤ ਚੌਧਰੀ, ਰਵਿੰਦਰ ਸਿੰਘ ਅਤੇ ਅਮਰੀਕ ਸੰਧੂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣ ਵਾਲੇ ਕੌਂਸਲਰਪਤੀ ਅਨੂਪ ਪਾਠਕ ਦੇ ਬੇਟੇ ਕਰਨ ਪਾਠਕ ਨੇ ਕਿਹਾ ਕਿ ਉਨ੍ਹਾਂ ਅੱਜ ਪੁਲਸ ਅਧਿਕਾਰੀਆਂ ਦੇ ਭਰੋਸੇ ’ਤੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਪਰ ਜੇਕਰ ਅਗਲੇ ਦੋ ਦਿਨਾਂ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਇਨਸਾਫ਼ ਲੈਣ ਲਈ ਪੁਲਸ ਕਮਿਸ਼ਨਰ ਦੇ ਘਰ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋਣਗੇ। ਕਰਨ ਪਾਠਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕਦੀ ਖ਼ੁਦਕੁਸ਼ੀ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜੇ ਪਰਗਟ ਸਿੰਘ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਵਿਜੀਲੈਂਸ ਦੇ ਗੁਰਿੰਦਰ ਸਿੰਘ ਖ਼ਿਲਾਫ਼ ਵੀ ਦਿੱਤੀ ਸ਼ਿਕਾਇਤ 
ਕਰਨ ਪਾਠਕ ਨੇ ਡੀ. ਸੀ. ਪੀ. ਗੁਰਮੀਤ ਸਿੰਘ ਨੂੰ ਵੀਰਵਾਰ ਵਿਜੀਲੈਂਸ ਵਿਚ ਤਾਇਨਾਤ ਗੁਰਿੰਦਰ ਸਿੰਘ ਖ਼ਿਲਾਫ਼ ਲਿਖਤੀ ਸ਼ਿਕਾਇਤ ਕਰਦਿਆਂ ਕਿਹਾ ਕਿ ਉਹ ਅਕਸਰ ਉਨ੍ਹਾਂ ਦੇ ਘਰ ਆ ਕੇ ਮਾਡਲ ਟਾਊਨ ਵਿਚ ਉਨ੍ਹਾਂ ਦੇ ਪੜਦਾਦਾ ਪੰਡਿਤ ਸੀਤਾ ਰਾਮ ਪਾਠਕ ਦੀ ਪ੍ਰਾਪਰਟੀ ਦੇ ਮਾਮਲੇ ਵਿਚ ਉਸ ਦੇ ਪਿਤਾ ਅਨੂਪ ਪਾਠਕ ਨੂੰ ਪ੍ਰੇਸ਼ਾਨ ਕਰਦੇ ਸਨ ਜਦੋਂ ਕਿ ਉਨ੍ਹਾਂ ਗੁਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਇਹ ਕੇਸ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਮਾਮਲਾ ਪ੍ਰਾਈਵੇਟ ਪ੍ਰਾਪਰਟੀ ਦਾ ਹੈ। ਪ੍ਰਾਈਵੇਟ ਪ੍ਰਾਪਰਟੀ ਵਿਚ ਵਿਜੀਲੈਂਸ ਦੀ ਕੋਈ ਜਾਂਚ ਨਹੀਂ ਹੁੰਦੀ।
ਵਿਜੀਲੈਂਸ ਸਰਕਾਰੀ ਪ੍ਰਾਪਰਟੀ ਨੂੰ ਲੈ ਕੇ ਹੀ ਜਾਂਚ ਕਰ ਸਕਦੀ ਹੈ ਪਰ ਇਸ ਦੇ ਬਾਵਜੂਦ ਗੁਰਿੰਦਰ ਸਿੰਘ ਅਮਰੀਕ ਸੰਧੂ, ਰਵਿੰਦਰ ਸਿੰਘ ਅਤੇ ਇੰਦਰਜੀਤ ਚੌਧਰੀ ਦੇ ਹੱਕ ਵਿਚ ਗੱਲ ਕਰਦਿਆਂ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਸੀ। ਉਹ ਪਾਪਾ ਨੂੰ ਕਾਫ਼ੀ ਤੰਗ ਕਰਦਾ ਸੀ। ਕਰਨ ਨੇ ਕਿਹਾ ਕਿ ਗੁਰਿੰਦਰ ਨੂੰ ਵੀ ਐੱਫ. ਆਈ. ਆਰ. ਵਿਚ ਨਾਮਜ਼ਦ ਕਰਦਿਆਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੱਤਰਕਾਰਾਂ ਨੇ ਕੀਤਾ ਸਮਰਥਨ

ਪੱਤਰਕਾਰਾਂ ਦੀਆਂ ਐਸੋਸੀਏਸ਼ਨ ਨੇ ਵੀ ਅਨੂਪ ਪਾਠਕ ਦੇ ਪਰਿਵਾਰ ਦਾ ਸਮਰਥਨ ਕਰਦਿਆਂ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਡਾ. ਸੁਰਿੰਦਰਪਾਲ ਅਤੇ ਪਰਮਜੀਤ ਸਿੰਘ ਰੰਗਪੁਰੀ ਵੀ ਅੱਜ ਥਾਣਾ ਨੰਬਰ 4 ਵਿਚ ਪਹੁੰਚੇ ਅਤੇ ਮੌਜੂਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ। ਪੱਤਰਕਾਰਾਂ ਨੇ ਅਨੂਪ ਪਾਠਕ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਬੇਟੇ ਕਰਨ ਪਾਠਕ ਨਾਲ ਹਮਦਰਦੀ ਵੀ ਪ੍ਰਗਟਾਈ।

ਇਹ ਵੀ ਪੜ੍ਹੋ : ਕਾਂਗਰਸ ਛੱਡਣ ਦੇ ਐਲਾਨ ਮਗਰੋਂ ਬਦਲਣ ਲੱਗਾ 'ਕੈਪਟਨ' ਦੀ ਪੱਗ ਦਾ ਰੰਗ

PunjabKesari

ਅੰਤਿਮ ਸੰਸਕਾਰ ’ਚ ਪੁੱਜੇ ਵੱਡੀ ਗਿਣਤੀ ’ਚ ਲੋਕ 
ਸ਼ਾਮੀਂ 5 ਵਜੇ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਚ ਸਵ. ਅਨੂਪ ਪਾਠਕ ਦੇ ਕੀਤੇ ਗਏ ਅੰਤਿਮ ਸੰਸਕਾਰ ਮੌਕੇ ਬਹੁਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਲੋਕ ਸ਼ਾਮਲ ਹੋਏ, ਜਿਨ੍ਹਾਂ ’ਚ ਮੁੱਖ ਰੂਪ ਵਿਚ ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਕਾਂਗਰਸੀ ਆਗੂ ਗੁਰਨਾਮ ਸਿੰਘ ਮੁਲਤਾਨੀ, ਭਾਜਪਾ ਆਗੂ ਮਹਿੰਦਰ ਭਗਤ, ਮੇਅਰ ਜਗਦੀਸ਼ ਰਾਜਾ, ਜੁਆਏ ਮਲਿਕ, ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ, ਜਿੰਮੀ ਸ਼ੇਖਰ ਕਾਲੀਆ ਅਤੇ ਵੱਖ-ਵੱਖ ਵਾਰਡਾਂ ਤੋਂ ਨਗਰ ਨਿਗਮ ਦੇ ਕੌਂਸਲਰ ਸ਼ਾਮਲ ਸਨ।

ਵਿਧਾਇਕ ਬੇਰੀ ਨੇ ਪਾਠਕ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਨੂਪ ਪਾਠਕ ਦੀ ਮੌਤ ਨਾਲ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਸਿਆਸੀ ਨੁਕਸਾਨ ਹੋਇਆ ਹੈ, ਜਿਹੜਾ ਕਦੀ ਪੂਰਾ ਨਹੀਂ ਹੋ ਸਕੇਗਾ। ਸਵ. ਅਨੂਪ ਪਾਠਕ ਦੇ ਬੇਟਿਆਂ ਕਰਣ ਪਾਠਕ ਅਤੇ ਅਰਜੁਨ ਪਾਠਕ ਤੋਂ ਇਲਾਵਾ ਭਤੀਜਿਆਂ ਪ੍ਰਥਮ ਪਾਠਕ, ਧਰੁਵ ਪਾਠਕ, ਰਾਹੁਲ ਪਾਠਕ, ਸ਼ਿਵਮ ਪਾਠਕ, ਪੁਨੀਤ ਪਾਠਕ ਆਦਿ ਨੇ ਅਨੂਪ ਪਾਠਕ ਦੀ ਚਿਤਾ ਨੂੰ ਅਗਨੀ ਭੇਟ ਕੀਤੀ।

ਇਹ ਵੀ ਪੜ੍ਹੋ :  'ਵੇਟ ਐਂਡ ਵਾਚ' ਦੀ ਪਾਲਿਸੀ: ਕੈਪਟਨ ਨੂੰ ਬੋਚਣ ਲਈ ਇੰਨੀ ਵੀ ਬੇਤਾਬ ਨਹੀਂ ਹੈ ਭਾਜਪਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News