ਐੈੱਨ. ਜੀ. ਟੀ. ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਪੁੱਟੇ ਜਾ ਰਹੇ ਹਨ ਦਰੱਖਤ

Tuesday, Mar 06, 2018 - 06:50 AM (IST)

ਐੈੱਨ. ਜੀ. ਟੀ. ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਪੁੱਟੇ ਜਾ ਰਹੇ ਹਨ ਦਰੱਖਤ

ਪਟਿਆਲਾ, (ਰਾਣਾ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਜੰਗਲਾਤ ਵਿਭਾਗ, ਮੋਤੀ ਬੀੜ ਵਿਚੋਂ ਦਰੱਖਤ ਪੁੱਟ ਕੇ 10 ਏਕੜ ਦਾ ਮੈਦਾਨ ਬਣਾ ਰਿਹਾ ਹੈ। ਇਸ ਵਿਚ ਅਧਿਕਾਰੀਆਂ ਦੀ ਮਨਸ਼ਾ ਹੈ ਕਿ ਉਥੇ ਗਿੰਨੀ ਘਾਹ ਬੀਜਣਗੇ ਤੇ ਜੰਗਲ ਵਿਚ ਰਹਿੰਦੇ ਜਾਨਵਰਾਂ ਲਈ ਇਹ ਗਿੰਨੀ ਘਾਹ ਚਾਰੇ ਦਾ ਕੰਮ ਕਰੇਗਾ ਕਿਉਂਕਿ ਮੋਤੀ ਬੀੜ ਵਿਚ ਮਸਕਟ (ਪਹਾੜੀ ਕਿੱਕਰਾਂ) ਦੇ ਜਾਲ ਕਾਰਨ ਜਾਨਵਰਾਂ ਲਈ ਚਾਰਾ ਉਗਾਉਣਾ ਬੰਦ ਕਰ ਦਿੱਤਾ ਹੈ, ਜਿਸ ਕਰ ਕੇ ਜਾਨਵਰਾਂ ਨੂੰ ਹੁਣ ਚਾਰਾ ਮਿਲਣਾ ਔਖਾ ਹੋ ਰਿਹਾ ਹੈ। ਜੇਕਰ ਐੈੱਨ. ਜੀ. ਟੀ. ਦੀਆਂ ਹਦਾਇਤਾਂ ਵੱਲ ਦੇਖਿਆ ਜਾਵੇ ਤਾਂ ਬੀੜ ਵਿਚੋਂ ਇਕ ਵੀ ਦਰੱਖਤ ਪੁੱਟਿਆ ਨਹੀਂ ਜਾ ਸਕਦਾ, ਅਧਿਕਾਰੀ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਜਾਂ ਫਿਰ ਨੌਕਰੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਦਰੱਖਤਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ, ਉਨ੍ਹਾਂ ਦੀ ਪੁਟਾਈ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ। ਲਿਹਾਜ਼ਾ ਸੂਬੇ ਅੰਦਰ ਦਿਨੋ ਦਿਨ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਐੈੱਨ. ਜੀ. ਟੀ. ਵੱਲੋਂ ਅਜਿਹਾ ਫ਼ੈਸਲਾ ਲਿਆ ਗਿਆ ਹੈ ਕਿਉਂਕਿ ਦਰੱਖਤਾਂ ਦੀ ਵਧੇਰੇ ਪੈਦਾਵਾਰ ਹੀ ਵਧਦੇ ਪ੍ਰਦੂਸ਼ਣ ਨੂੰ ਰੋਕ ਸਕਦੀ ਹੈ। ਜੰਗਲਾਤ ਵਿਭਾਗ ਵੱਲੋਂ ਬਿਨਾਂ ਮਨਜ਼ੂਰੀ ਤੋਂ ਦਰੱਖਤਾਂ ਨਾਲ ਛੇੜਛਾੜ ਕਰਨਾ ਹੁਕਮਾਂ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ। 


Related News