ਹੁਣ ਅਨਮੋਲ ਰਤਨ ਸਿੱਧੂ ਹੋਣਗੇ ਪੰਜਾਬ ਦੇ ਐਡਵੋਕੇਟ ਜਨਰਲ !

Friday, Sep 24, 2021 - 02:12 PM (IST)

ਹੁਣ ਅਨਮੋਲ ਰਤਨ ਸਿੱਧੂ ਹੋਣਗੇ ਪੰਜਾਬ ਦੇ ਐਡਵੋਕੇਟ ਜਨਰਲ !

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਜਾ ਸਕਦਾ ਹੈ। ਅਨਮੋਲ ਰਤਨ ਸਿੱਧੂ ਮਾਣਯੋਗ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਨ ਅਤੇ ਸੱਤ ਵਾਰ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਡੀ. ਐੱਸ. ਪਟਵਾਲੀਆ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦੇ ਚਰਚੇ ਸਨ ਜਿਸ ’ਤੇ ਫਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਇਹ ਵੀ ਖ਼ਬਰ ਸੀ ਕਿ ਡੀ. ਐੱਸ. ਪਟਵਾਲੀਆ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਲਈ ਲਗਭਗ ਸਹਿਮਤੀ ਵੀ ਹੋ ਗਈ ਸੀ ਪਰ ਬਾਅਦ ਵਿਚ ਇਸ ’ਤੇ ਇਤਰਾਜ਼ ਉਠ ਗਏ। ਹੁਣ ਖ਼ਬਰ ਆ ਰਹੀ ਹੈ ਕਿ ਇਸ ਮੁਹੱਤਵਪੂਰਣ ਅਹੁਦੇ ’ਤੇ ਚੋਟੀ ਦੇ ਵਕੀਲ ਅਨਮੋਲ ਰਤਨ ਸਿੱਧੂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁੱਝ ਘੰਟਿਆਂ ਬਾਅਦ ਹੀ ਅਤੁਲ ਨੰਦਾ ਨੇ ਵੀ ਏ. ਜੀ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਤੁਲ ਨੰਦਾ ਏ. ਜੀ. ਰਹਿੰਦੇ ਸਮੇਂ ਕਾਫ਼ੀ ਵਿਵਾਦਾਂ ਵਿਚ ਰਹੇ ਸਨ। ਬੇਅਦਬੀ ਅਤੇ ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਏ. ਜੀ. ਲਗਾਤਾਰ ਨਾ ਸਿਰਫ ਵਿਰੋਧੀਆਂ ਸਗੋਂ ਕਾਂਗਰਸੀਆਂ ਦੇ ਹੀ ਨਿਸ਼ਾਨੇ ’ਤੇ ਸਨ ਅਤੇ ਕੈਪਟਨ ’ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਕੈਪਟਨ ਨੂੰ ਬੀਬੀ ਸਿੱਧੂ ਦਾ ਠੋਕਵਾਂ ਜਵਾਬ, ਜੇ ਪਾਰਟੀ ਦੇ ਫ਼ੈਸਲੇ ਪਸੰਦ ਨਹੀਂ ਤਾਂ ਛੱਡ ਦਿਓ ਕਾਂਗਰਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News