ਅਨਮੋਲ ਕਵਾਤਰਾ ਹਮਲੇ ਦੀ ਹੁਣ ਤੱਕ ਦੀ ਪੂਰੀ ਕਹਾਣੀ

Tuesday, May 21, 2019 - 05:26 PM (IST)

ਅਨਮੋਲ ਕਵਾਤਰਾ ਹਮਲੇ ਦੀ ਹੁਣ ਤੱਕ ਦੀ ਪੂਰੀ ਕਹਾਣੀ

ਲੁਧਿਆਣਾ : ਸਮਾਜ ਸੇਵੀ ਅਨਮੋਲ ਕਵਾਤਰਾ ਤੇ ਕਾਂਗਰਸੀ ਆਗੂ ਮੋਹਿਤ ਰਾਮਪਾਲ ਦੀ ਇਸ ਲੜਾਈ ਨੇ ਦੋ ਦਿਨ ਸੋਸ਼ਲ ਮੀਡੀਆ 'ਤੇ ਤਰਥੱਲੀ ਮਚਾਈ ਰੱਖੀ। 19 ਮਈ ਨੂੰ ਵੋਟਾਂ ਵਾਲੇ ਦਿਨ ਸ਼ੁਰੂ ਹੋਇਆ ਕਲੇਸ਼ ਹੁਣ ਸ਼ਾਂਤ ਹੋ ਗਿਆ ਹੈ ਅਤੇ ਨਾਲ ਹੀ ਸ਼ਾਂਤ ਹੋ ਗਏ ਹਨ ਅਨਮੋਲ ਕਵਾਤਰਾ। ਜੋ ਇਸ ਘਟਨਾਕ੍ਰਮ ਤੋਂ ਬਾਅਦ ਮੀਡੀਆ ਤੋਂ ਲਗਾਤਾਰ ਦੂਰੀ ਬਣਾਏ ਹੋਏ ਹਨ। ਪੂਰੇ ਘਟਨਾਕ੍ਰਮ ਦੌਰਾਨ ਅਨਮੋਲ ਕਵਾਤਰਾ ਤੇ ਕਾਂਗਰਸੀ ਆਗੂ ਨੇ ਇਕ-ਦੂਜੇ 'ਤੇ ਦੋਸ਼ ਲਗਾਏ। 

PunjabKesari
ਜਾਣੋ ਪੂਰਾ ਘਟਨਾਕ੍ਰਮ

ਝਗੜੇ ਦਾ ਮੁੱਢ ਉਦੋਂ ਬੱਝਾ ਜਦੋਂ 19 ਮਈ ਨੂੰ ਵੋਟਾਂ ਵਾਲੇ ਅਨਮੋਲ ਨੇ ਕਾਂਗਰਸੀ ਆਗੂ 'ਤੇ ਕੁੱਟਮਾਰ ਦੇ ਦੋਸ਼ ਲਗਾ ਸਾਥੀਆਂ ਸਣੇ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ 'ਚ ਧਰਨਾ ਲਗਾ ਦਿੱਤਾ। ਕਾਵਤਰਾ ਦਾ ਦੋਸ਼ ਸੀ ਕਿ ਕਾਂਗਰਸੀ ਆਗੂ ਮੋਹਿਤ ਰਾਮਪਾਲ ਨੇ ਉਸਦੇ ਅਤੇ ਉਸਦੇ ਪਿਤਾ ਨਾਲ ਕੁੱਟਮਾਰ ਕੀਤੀ ਹੈ ਅਤੇ ਉਸ 'ਤੇ 2 ਨੰਬਰ ਦਾ ਕੰਮ ਕਰਨ ਦੇ ਦੋਸ਼ ਲਗਾਏ ਹਨ। ਐੱਨ ਜੀ. ਓ. ਚਲਾਉਣ ਵਾਲੇ ਅਨਮੋਲ ਕਵਾਤਰਾ 'ਤੇ ਹਮਲੇ ਦੀ ਖਬਰ ਜਿਵੇਂ ਹੀ ਫੈਲੀ ਉਨ੍ਹਾਂ ਦੇ ਸਮਾਰਥਕਾਂ ਦੇ ਨਾਲ-ਨਾਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਕਵਾਤਰਾ ਦੀ ਹਮਾਇਤ 'ਤੇ ਧਰਨੇ 'ਚ ਜਾ ਬੈਠੇ ਜਦਕਿ ਨਵਜੋਤ ਕੌਰ ਲੰਬੀ ਨੇ ਅੱਧੀ ਰਾਤ ਨੂੰ ਲਾਈਵ ਹੋ ਕਵਾਤਰਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ।  ਹੋਰ ਤਾਂ ਹੋਰ ਇਕ ਪੁਲਸ ਮੁਲਾਜ਼ਮ ਨੇ ਆਪਣੀ ਵਰਦੀ ਤੇ ਨੌਕਰੀ ਦੀ ਪਰਵਾਹ ਨਾ ਕਰਦਿਆਂ ਕਵਾਤਰਾ ਦਾ ਸਾਥ ਦਿੱਤਾ। ਵਧਦੇ ਦਬਾਅ ਨੂੰ ਵੇਖ ਪੁਲਸ ਨੇ ਕਵਾਤਰਾ ਦੇ ਬਿਆਨਾਂ 'ਤੇ ਦੋਵੇਂ ਕਾਂਗਰਸੀ ਆਗੂਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

PunjabKesari
ਪੁਲਸ ਦੀ ਤੁਰੰਤ ਕਾਰਵਾਈ ਤੋਂ ਬਾਅਦ ਕਵਾਤਰਾ ਨੇ ਆਪਣੇ ਹਮਾਇਤੀਆਂ ਨੂੰ ਇਸਦੀ ਸੂਚਨਾ ਦਿੰਦੇ ਹੋਏ ਧਰਨਾ ਚੁੱਕਣ ਦੀ ਅਪੀਲ ਕੀਤੀ ਤੇ ਨਾਲ ਹੀ ਇਸ ਸਾਰੇ ਘਟਨਾਕ੍ਰਮ ਨੂੰ ਰਾਜਨੀਤੀ ਤੋਂ ਕੋਹਾਂ ਦੂਰ ਦੱਸਿਆ। ਉਧਰ ਦੂਜੇ ਪਾਸੇ ਗ੍ਰਿਫਤਾਰੀ ਦੇ ਕੁਝ ਸਮੇਂ ਬਾਅਦ ਹੀ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ। ਥਾਣੇ 'ਚ ਰਾਤ ਕੱਟ ਕੇ ਪਹੁੰਚੇ ਕਾਂਗਰਸੀ ਆਗੂ ਮੋਹਿਤ ਰਾਮਪਾਲ ਵੀ ਮੀਡੀਆ ਦੇ ਸਾਹਮਣੇ ਆਏ। ਝਗੜੇ ਨੂੰ ਲੈ ਕੇ ਰਾਮਪਾਲ ਵਲੋਂ ਕੀਤੇ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਾਮਪਾਲ ਮੁਤਾਬਕ ਨਾ ਸਿਰਫ ਅਨਮੋਲ ਕਵਾਤਰਾ ਦੇ ਪਿਤਾ ਨੇ ਉਸਦੀ ਪਤਨੀ ਨਾਲ ਬਦਸਲੂਕੀ ਕੀਤੀ ਸਗੋਂ ਅਨਮੋਲ ਨੇ ਉਸਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਵਧਿਆ। 

PunjabKesari
ਅਨਮੋਲ ਕਵਾਤਰਾ ਜਾਂ ਫਿਰ ਮੋਹਿਤ ਰਾਮਪਾਲ ਦੋਵੇਂ ਹੀ ਆਪਣੇ-ਆਪ ਨੂੰ ਸਹੀ ਦੱਸ ਰਹੇ ਹਨ ਪਰ ਦੋਵਾਂ ਦੀਆਂ ਗੱਲਾਂ 'ਚ ਕਿੰਨੀ ਸੱਚਾਈ ਐ? ਇਹ ਤਾਂ ਕੋਈ ਨਹੀਂ ਜਾਣਦਾ ਪਰ ਮੋਹਿਤ ਰਾਮਪਾਲ ਨੇ ਆਉਣ ਵਾਲੇ ਦਿਨਾਂ 'ਚ ਅਨਮੋਲ ਬਾਰੇ ਕੁਝ ਸੱਚਾਈਆਂ ਦਾ ਖੁਲਾਸਾ ਕਰਨ ਦੀ ਗੱਲ ਜ਼ਰੂਰ ਕਹੀ ਹੈ। ਬਿਨਾਂ ਸ਼ੱਕ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਵੱਡਾ ਤੂਲ ਫੜ ਸਕਦਾ ਹੈ ਅਤੇ ਸਿਆਸੀ ਰੰਗਤ ਵੀ ਲੈ ਸਕਦਾ ਹੈ। ਮੋਹਿਤ ਰਾਮਪਾਲ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸਨੂੰ ਲੈ ਕੇ ਉਹ ਅੱਜ ਪੁਲਸ ਅਧਿਕਾਰੀਆਂ ਨੂੰ ਮਿਲੇ ਤੇ ਇਸ ਸਭ ਤੋਂ ਜਾਣੂ ਕਰਵਾ ਇਨਸਾਫ ਦੀ ਮੰਗ ਕੀਤੀ। ਆਉਣ ਵਾਲੇ ਦਿਨਾਂ 'ਚ ਇਹ ਝਗੜਾ ਕੀ ਰੂਪ ਲੈਂਦਾ ਐ? ਤੇ ਕਿਹੜੇ ਪੜਾਅ 'ਤੇ ਪਹੁੰਚ ਕੇ ਖਤਮ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। 


author

Gurminder Singh

Content Editor

Related News