ਆਵਾਰਾ ਪਸ਼ੂਆਂ ਕਾਰਨ ''ਹਾਦਸਿਆਂ ਦਾ ਸ਼ਹਿਰ'' ਬਣ ਰਿਹੈ ਫ਼ਰੀਦਕੋਟ

Monday, Apr 23, 2018 - 07:53 AM (IST)

ਆਵਾਰਾ ਪਸ਼ੂਆਂ ਕਾਰਨ ''ਹਾਦਸਿਆਂ ਦਾ ਸ਼ਹਿਰ'' ਬਣ ਰਿਹੈ ਫ਼ਰੀਦਕੋਟ

ਫਰੀਦਕੋਟ  (ਹਾਲੀ) - ਆਵਾਰਾ ਪਸ਼ੂਆਂ ਦੇ ਆਪਸ 'ਚ ਭਿੜਨ ਦਾ ਖਮਿਆਜ਼ਾ ਭਾਵੇਂ ਕਈ ਲੋਕ ਜ਼ਖ਼ਮੀ ਹੋ ਕੇ ਅਜੇ ਤੱਕ ਭੁਗਤ ਰਹੇ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਸ਼ਹਿਰ ਵਿਚ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਨਾ ਲੋਕ ਅੱਗੇ ਆ ਰਹੇ ਹਨ ਅਤੇ ਨਾ ਹੀ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਹੈ। ਸ਼ਹਿਰ ਦਾ ਕੋਈ ਅਜਿਹਾ ਕੋਨਾ, ਸੜਕ ਜਾਂ ਗਲੀ ਨਹੀਂ ਹੋਵੇਗੀ, ਜਿੱਥੇ ਆਵਾਰਾ ਪਸ਼ੂ ਹਾਦਸੇ ਦਾ ਕਾਰਨ ਨਾ ਬਣ ਰਹੇ ਹੋਣ। ਆਨੰਦੇਆਣਾ ਗੇਟ ਨਜ਼ਦੀਕ ਗਊਸ਼ਾਲਾ ਦੇ ਬਾਹਰ ਮੁੱਖ ਸੜਕ 'ਤੇ ਤਾਂ ਗਊਆਂ ਦਾ ਝੁੰਡ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਚੰਗੀ ਤਰ੍ਹਾਂ ਬਿਆਨ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ ਸਥਾਨਾਂ, ਆਰਾ ਮਾਰਕੀਟ ਰੋਡ, ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਸਰਕੂਲਰ ਰੋਡ, ਕੰਮੇਆਣਾ ਗੇਟ ਚੌਕ, ਤਲਵੰਡੀ ਰੋਡ, ਫਰੀਦਕੋਟ-ਕੋਟਕਪੂਰਾ ਰੋਡ 'ਤੇ ਆਵਾਰਾ ਪਸ਼ੂਆਂ ਦਾ ਇਸ ਵੇਲੇ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਤੋਂ ਇਲਾਵਾ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਦਾ ਇਕ ਅਹਿਮ ਪਹਿਲੂ ਇਹ ਵੀ ਹੈ ਕਿ ਸ਼ਹਿਰ ਵਿਚ ਦੋ ਮੁੱਖ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਵਿਚ ਪ੍ਰਸ਼ਾਸਨ ਅਸਫਲ ਰਿਹਾ ਹੈ, ਜਦਕਿ ਉਕਤ ਦੋਵਾਂ ਗਊਸ਼ਾਲਾਵਾਂ ਵਿਚ ਵੱਡੀ ਗਿਣਤੀ ਪਸ਼ੂਆਂ ਦੇ ਰੱਖਣ ਅਤੇ ਚਾਰਾ ਦਾ ਵੀ ਪੂਰਾ ਪ੍ਰਬੰਧ ਹੈ। ਸ਼ਹਿਰ 'ਚ ਇਹ ਗੰਭੀਰ ਸਮੱਸਿਆ ਪਿਛਲੇ 3 ਮਹੀਨਿਆਂ ਤੋਂ ਗੰਭੀਰ ਬਣੀ ਹੋਈ ਹੈ ਕਿਉਂਕਿ ਕਿਸਾਨ ਯੂਨੀਅਨ ਨੇ ਪਿੰਡਾਂ 'ਚੋਂ 100 ਦੇ ਕਰੀਬ ਗਊਆਂ ਇਕੱਠੀਆਂ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ ਲਿਆਂਦੀਆਂ ਸਨ ਅਤੇ ਉਨ੍ਹਾਂ ਨੂੰ ਦਫ਼ਤਰ ਵਿਚ ਛੱਡਣ ਦਾ ਐਲਾਨ ਕੀਤਾ ਸੀ ਪਰ ਮੌਕੇ 'ਤੇ ਸੁਰੱਖਿਆ ਪ੍ਰਬੰਧ ਵੱਧ ਕਰਨ ਕਰ ਕੇ ਉਹ ਇੱਥੇ ਨਹੀਂ ਛੱਡ ਸਕੇ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਉਪਰੰਤ ਕਿਸਾਨ ਯੂਨੀਅਨ ਨੇ ਇਹ ਸਾਰੀਆਂ ਗਊਆਂ ਸ਼ਹਿਰ 'ਚ ਛੱਡ ਦਿੱਤੀਆਂ। ਇੱਥੇ ਪਹਿਲਾਂ ਤੋਂ ਹੀ 100 ਦੇ ਕਰੀਬ ਗਊਆਂ ਅਤੇ ਸਾਨ੍ਹ ਸਨ ਅਤੇ 100 ਹੋਰ ਦੇ ਆਉਣ ਨਾਲ ਸਥਿਤੀ ਹੋਰ ਚਿੰਤਾਜਨਕ ਬਣੀ ਹੋਈ ਹੈ। ਰਾਤ ਨੂੰ ਇਹ ਪਸ਼ੂ ਸੜਕਾਂ 'ਤੇ ਬਿਲਕੁਲ ਵਿਚਕਾਰ ਬੈਠ ਜਾਂਦੇ ਹਨ ਅਤੇ ਕਈ ਕਾਲੇ ਰੰਗ ਦੇ ਹੋਣ ਕਰ ਕੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸ਼ਹਿਰ 'ਚ ਘੁੰਮ ਰਹੇ ਇਹ ਪਸ਼ੂ ਸਰਕੂਲਰ ਰੋਡ ਉੱਪਰ ਲੱਗੇ ਬੂਟਿਆਂ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਲਾਏ ਗਏ ਬੂਟਿਆਂ ਅਤੇ ਟ੍ਰੀਗਾਰਡਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ।
ਇਹ ਵੀ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਇਸ ਸਮੱਸਿਆ ਦੇ ਹੱਲ ਲਈ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ 'ਚ ਭੇਜਣਾ ਸ਼ੁਰੂ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਇਹ ਸਮੱਸਿਆ ਘੱਟ ਨਹੀਂ ਹੋਈ। ਸ਼ਹਿਰ 'ਚ ਇਨ੍ਹਾਂ ਪਸ਼ੂਆਂ ਕਰ ਕੇ ਹਾਦਸਿਆਂ 'ਚ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਿਲਸਿਲਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ ਅਤੇ ਜੋ ਸਥਿਤੀ ਬਣੀ ਹੈ, ਉਸ ਦਾ ਫ਼ਿਲਹਾਲ ਕੋਈ ਹੱਲ ਵੀ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਲੋਕਾਂ ਨੇ ਮੰਗ ਕੀਤੀ ਹੈ ਕਿ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਖਿਲਾਫ਼ ਵੀ ਇਕ ਮੁਹਿੰਮ ਚਲਾਉਣ ਤਾਂ ਕਿ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਭੇਜਣ ਲਈ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਜਾ ਸਕੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਹੀ ਪਹਿਲਕਦਮੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਸਬੰਧੀ ਗਊਸ਼ਾਲਾਵਾਂ ਨੂੰ ਹਦਾਇਤ ਕਰਨ ਦਾ ਅਧਿਕਾਰ ਪ੍ਰਸ਼ਾਸਨ ਕੋਲ ਹੀ ਹੈ।


Related News