ਅਵਾਰਾ ਪਸ਼ੂ ਨੇ ਇਕਲੌਤੇ ਕਮਾਊ ਪੁੱਤ ਦੀ ਲਈ ਜਾਨ
Tuesday, Feb 25, 2020 - 12:42 PM (IST)
ਮਾਛੀਵਾੜਾ ਸਾਹਿਬ (ਟੱਕਰ): ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ ਅਤੇ ਸਰਕਾਰ ਵਲੋਂ ਲੋਕਾਂ ਤੋਂ ਗਊ ਸੈਸ ਲੈਣ ਦੇ ਬਾਵਜੂਦ ਵੀ ਇਨ੍ਹਾਂ ਪਸ਼ੂਆਂ ਦੀ ਸੰਭਾਲ ਨਹੀਂ ਹੋ ਰਹੀ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸ ਤਰ੍ਹਾਂ ਹੀ ਅੱਜ ਤੜਕੇ ਸਥਾਨਕ ਪੁਰਾਣੀ ਸਬਜ਼ੀ ਮੰਡੀ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਅਵਾਰਾ ਪਸ਼ੂ ਨੇ ਇਕ ਗਰੀਬ ਫੋਟੋਗ੍ਰਾਫਰ ਗੁਰਮੇਲ ਰਾਮ (45) ਦੀ ਜਾਨ ਲੈ ਲਈ।
ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਗੁਰਮੇਲ ਰਾਮ ਫੋਟੋਗ੍ਰਾਫਰੀ ਦਾ ਕੰਮ ਘਰ 'ਚ ਹੀ ਕਰਦਾ ਸੀ ਅਤੇ ਅੱਜ ਤੜਕੇ 2.30 ਵਜੇ ਉਹ ਆਪਣੇ ਮਕਾਨ 'ਚੋਂ ਗਲੀ 'ਚ ਪੇਸ਼ਾਬ ਕਰਨ ਨਿਕਲਿਆ ਤਾਂ ਉਥੇ ਘੁੰਮਦੇ ਅਵਾਰਾ ਸਾਨ੍ਹ (ਬਦਲ) ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਉਸਦੇ ਗਲੇ ਤੇ ਠੋਢੀ 'ਤੇ ਸੱਟਾਂ ਲੱਗੀਆਂ। ਜਖ਼ਮੀ ਹਾਲਤ 'ਚ ਉਸਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਣ ਲਾਲ ਵਲੋਂ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਦੂਸਰੇ ਪਾਸੇ ਗੁਰਮੇਲ ਰਾਮ ਜੋ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਘਰ 'ਚ ਹੀ ਫੋਟੋਗ੍ਰਾਫਰੀ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 4 ਬੱਚੇ ਛੱਡ ਗਿਆ ਅਤੇ ਘਰ 'ਚ ਉਹ ਇਕਲੌਤਾ ਹੀ ਕਮਾਉਣ ਵਾਲਾ ਸੀ ਜਿਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪਿਆ। ਫੋਟੋਗ੍ਰਾਫਰ ਗੁਰਮੇਲ ਰਾਮ ਦੀ ਮੌਤ ਨਾਲ ਸਾਰੇ ਮੁਹੱਲੇ 'ਚ ਸੋਗ ਦੀ ਲਹਿਰ ਫੈਲੀ ਹੋਈ ਹੈ ਅਤੇ ਲੋਕਾਂ 'ਚ ਸੋਗ ਹੈ ਕਿ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂ ਕਦੇ ਵੀ ਕਿਸੇ ਦੀ ਜਾਨ ਲੈ ਸਕਦੇ ਹਨ।
ਇਲਾਕੇ ਦੇ ਕੌਂਸਲਰ ਪਰਮਜੀਤ ਸਿੰਘ ਪੰਮਾ ਤੇ ਹੋਰ ਪਤਵੰਤੇ ਸੱਜਣਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਮ੍ਰਿਤਕ ਗੁਰਮੇਲ ਰਾਮ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਉਸਦੀ ਮੌਤ ਤੋਂ ਬਾਅਦ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲਾ ਕੋਈ ਨਹੀਂ ਹੈ, ਇਸ ਲਈ ਸਰਕਾਰ ਉਸਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਵਜੋਂ ਮੁਆਵਜ਼ਾ ਦੇਵੇ।