ਆਂਗਣਵਾੜੀ ਵਰਕਰਾਂ ਨੇ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ
Tuesday, Mar 27, 2018 - 02:03 AM (IST)

ਸ੍ਰੀ ਮੁਕਤਸਰ ਸਾਹਿਬ, (ਦਰਦੀ, ਖੁਰਾਣਾ, ਪਵਨ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਹੈਲਪਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਜਟ ਖਿਲਾਫ਼ ਪ੍ਰਦਰਸ਼ਨ ਕੀਤਾ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਹੀ ਆਂਗਣਵਾੜੀ ਵਰਕਰਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਮਤਰੇਈ ਮਾਂ ਵਾਲਾ ਸਲੂਕ ਜਾਰੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਵਰਕਰਾਂ ਅਤੇ ਹੈਲਪਰਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਪਰ ਕੈਪਟਨ ਸਰਕਾਰ ਵੱਲੋਂ ਪੇਸ਼ ਬਜਟ ਵਿਚ ਵੀ ਉਨ੍ਹਾਂ ਦੇ ਮਾਣ ਭੱਤੇ ਵਿਚ ਵਾਧਾ ਨਾ ਕਰਨ ਕਰ ਕੇ ਪੰਜਾਬ 'ਚ ਕੰਮ ਕਰਨ ਵਾਲੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਰੋਸ ਵਜੋਂ ਅੱਜ ਜ਼ਿਲਾ ਹੈੱਡ ਕੁਆਰਟਰਾਂ 'ਤੇ ਪੰਜਾਬ ਸਰਕਾਰ ਦੇ ਜਾਰੀ ਬਜਟ ਦੀਆਂ ਕਾਪੀਆਂ ਸਾੜ ਕੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਹਰਿਆਣਾ ਦੀ ਤਰਜ਼ 'ਤੇ ਆਂਗਣਵਾੜੀ ਵਰਕਰਾਂ ਨੂੰ ਕੁਸ਼ਲ ਅਤੇ ਅਰਧ ਕੁਸ਼ਲ ਦਾ ਦਰਜਾ ਦਿੰਦੇ ਹੋਏ 11,429 ਰੁਪਏ ਵਰਕਰ ਅਤੇ 5,750 ਰੁਪਏ ਹੈਲਪਰ ਨੂੰ ਤਨਖਾਹ ਦੇਣਾ ਲਾਗੂ ਕਰੇ, 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਸੈਂਟਰਾਂ ਵਿਚ ਯਕੀਨੀ ਬਣਾਇਆ ਜਾਵੇ, ਐਡਵਾਈਜ਼ਰੀ ਬੋਰਡ ਅਧੀਨ ਚੱਲਦੇ ਪ੍ਰਾਜੈਕਟਾਂ ਵਿਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਦੇ ਮਾਣ-ਭੱਤੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਬਿਲਡਿੰਗਾਂ ਦੇ ਕਿਰਾਏ ਫਰਵਰੀ 2018 ਤੱਕ ਤੁਰੰਤ ਦਿੱਤੇ ਜਾਣ ਆਦਿ।
ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਅੰਮ੍ਰਿਤਪਾਲ ਕੌਰ ਚਹਿਲ, ਹਰਜਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਗੁਰਦੀਪ ਕੌਰ, ਪਰਮਜੀਤ ਕੌਰ, ਬਿੰਦਰ ਕੌਰ, ਵੀਰਪਾਲ ਕੌਰ, ਪ੍ਰੀਤਮ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰਾਂ ਅਤੇ ਹੈਲਪਰਾਂ ਮੌਜੂਦ ਸਨ।