ਆਂਗਣਵਾੜੀ ਵਰਕਰਾਂ ਦੀ ਮਿਹਨਤ ਦਾ ਅਸਰ, 906 ਤੋਂ ਵੱਧ ਕੇ 924 ਹੋਈ ਕੁੜੀਆਂ ਦੀ ਗਿਣਤੀ

12/02/2019 2:09:36 PM

ਜਲੰਧਰ : ਬੀਤੇ 5 ਸਾਲਾਂ 'ਚ 1 ਹਜ਼ਾਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 906 ਤੋਂ ਵੱਧ ਕੇ 2018-19 'ਚ 924 ਤਕ ਪਹੁੰਚ ਗਈ ਹੈ। ਆਂਗਣਵਾੜੀ ਵਰਕਰ ਐਂਡ ਹੈਲਪਰ ਫੈਡਰੇਸ਼ਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਊਸ਼ਾ ਰਾਣੀ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੂੰ ਰਜਿਸਟਰਡ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਨਿਯਮਿਤ ਚੈੱਕਅੱਪ ਹੁੰਦਾ ਹੈ। ਡਿਲੀਵਰੀ ਹੋਣ ਤਕ ਲਗਾਤਾਰ ਮਾਨੀਟਰਿੰਗ ਹੁੰਦੀ ਹੈ। ਡਿਲੀਵਰੀ ਹੋਣ ਤਕ ਗੰਭੀਰਤਾ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਜੇ ਡਿਲੀਵਰੀ ਨਹੀਂ ਹੋਈ ਤਾਂ ਇਸ ਦਾ ਕਾਰਨ ਪਤਾ ਕਰਕੇ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਂਦੀ ਹੈ। 

ਪ੍ਰਸ਼ਾਸਨ ਦੇ ਹੁਕਮਾਂ 'ਤੇ ਭਰੂਣ ਹੱਤਿਆ ਖਿਲਾਫ ਜੰਗ ਜਾਰੀ
ਜ਼ਿਲਾ ਪ੍ਰਸ਼ਾਸਨ ਜਾਗਰੂਕਤਾ ਦੇ ਖੇਤਰ ਵਿਚ ਬਿਹਤਰ ਕੰਮ ਕਰਨ ਵਾਲੀ ਆਂਗਣਵਾੜੀ ਵਰਕਰ ਅਤੇ ਆਸ਼ਾ ਬਹੂ ਨਾਲ ਹੋਰ ਸੰਗਠਨਾਂ ਨੂੰ ਉਤਸ਼ਾਹਤ ਕਰੇਗਾ। ਇਸ ਨਾਲ ਜਾਗਰੂਕਤਾ ਦਾ ਇਹ ਪ੍ਰੋਗਰਾਮ ਅੱਗੇ ਵਧੇਗਾ ਅਤੇ ਤੇਜ਼ੀ ਨਾਲ ਚੱਲਦਾ ਰਹੇਗਾ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲ ਵਿਚ ਇਹ ਫਰਕ ਤੇਜ਼ੀ ਨਾਲ ਘੱਟ ਹੋਵੇਗਾ। ਰੋਗੀ ਕਲਿਆਣ ਕਮੇਟੀ ਦੀ ਸੱਦੀ ਗਈ ਮੀਟਿੰਗ ਵਿਚ ਡੀ. ਸੀ. ਵੀ. ਕੇ. ਸ਼ਰਮਾ ਨੇ ਕਿਹਾ ਕਿ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਕੈਨਿੰਗ ਸੈਂਟਰਾਂ 'ਤੇ ਸਖਤੀ ਦੇ ਚੱਲਦੇ ਅਜਿਹਾ ਹੋ ਸਕਿਆ ਹੈ। ਇਸ ਨੂੰ ਲਗਾਤਾਰ ਅੱਗੇ ਵਧਾਉਂਦੇ ਰਹਿਣਾ ਹੈ। ਜਿਸ ਨਾਲ ਅਸੀਂ ਲਿੰਗ ਅਨੁਪਾਤ ਦੇ ਫਰਕ ਨੂੰ ਹੋਰ ਘੱਟ ਕਰ ਸਕਾਂਗੇ। 
ਦੂਜੇ ਪਾਸੇ ਕੰਨਿਆ ਭਰੂਣ ਹੱਤਿਆ ਦੀ ਜਾਣਕਾਰੀ ਦੇਣ ਵਾਲਿਆਂ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦੇ ਨਾਲ-ਨਾਲ ਉਸ ਦਾ ਨਾਮ ਗੁਪਤ ਰੱਖੇ ਜਾਣ ਦਾ ਵੀ ਐਲਾਨ ਹੋਇਆ ਹੈ। ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਲਿੰਗ ਅਨੁਪਾਤ 'ਤੇ ਇਸ ਦਾ ਅਸਰ ਨਜ਼ਰ ਆ ਰਿਹਾ ਹੈ। ਸੂਬੇ ਦੇ ਬਰਨਾਲਾ 'ਚ ਸਭ ਤੋਂ ਵੱਧ ਕੁੜੀਆਂ ਦੀ ਗਿਣਤੀ 'ਚ ਇਜ਼ਾਫਾ ਹੋਇਆ ਹੈ। ਇਥੇ ਹੁਣ 1000 ਮੁੰਡਿਆਂ ਦੇ ਪਿੱਛੇ 938 ਕੁੜੀਆਂ ਹਨ। ਇਥੇ ਪਿਛਲੇ ਦੋ ਸਾਲਾਂ 'ਚ 4 ਤੋਂ ਵੱਧ ਸਕੈਨਿੰਗ ਸੈਂਟਰਾਂ 'ਤੇ ਕਾਰਵਾਈ ਹੋਈ ਹੈ ਪਰ ਇਸ ਨੂੰ ਬਦਕਿਸਮਤੀ ਹੀ ਆਖ ਲਓ ਕਿ ਇਨ੍ਹਾਂ 'ਚੋਂ ਕਿਸੇ ਵੀ ਸਕੈਨਿੰਗ ਸੈਂਟਰ 'ਤੇ ਦੋਸ਼ ਸਾਬਤ ਹੀ ਨਹੀਂ ਹੋ ਸਕੇ।


Gurminder Singh

Content Editor

Related News