ਪੰਜਾਬ ਸਰਕਾਰ ਦੇ ਬਜਟ ਖਿਲਾਫ ਆਂਗਣਵਾੜੀ ਮੁਲਾਜ਼ਮਾਂ ਦਾ ਪ੍ਰਦਰਸ਼ਨ

Monday, Mar 26, 2018 - 04:27 PM (IST)

ਪੰਜਾਬ ਸਰਕਾਰ ਦੇ ਬਜਟ ਖਿਲਾਫ ਆਂਗਣਵਾੜੀ ਮੁਲਾਜ਼ਮਾਂ ਦਾ ਪ੍ਰਦਰਸ਼ਨ

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲਾ ਸੰਗਰੂਰ ਵਿਖੇ ਜਨਰਲ ਸੈਕਟਰ ਸ਼ਿੰਦਰ ਕੌਰ ਬੜੀ ਅਤੇ ਵਿੱਤ ਸਕੱਤਰ ਰਣਜੀਤ ਕੌਰ ਚੰਨੋ ਦੀ ਪ੍ਰਧਾਨਗੀ ਹੇਠ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਰੋਸ ਰੈਲੀ 'ਚ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਬਜਟ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਅਕਾਲੀ, ਬੀ.ਜੇ.ਪੀ ਸਰਕਾਰ ਵਾਂਗ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਸਰਕਾਰ ਨੇ ਇਸ ਬਜਟ 'ਚ ਆਂਗਣਵਾੜੀ ਮੁਲਾਜ਼ਮਾਂ ਨੂੰ ਮਾਣਭੱਤੇ ਦੇ ਵਾਧੇ ਤੋਂ ਵਾਂਝਾ ਰੱਖਿਆ ਹੈ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਦਾ ਇਹ ਦੂਜਾ ਬਜਟ ਸੀ ਇਸ 'ਚ ਵੀ ਸਰਕਾਰ ਨੇ ਆਂਗਣਵਾਡੀ ਮੁਲਾਜ਼ਮਾਂ ਨੂੰ ਅਣਦੇਖਾ ਕਰ ਦਿੱਤਾ ਜਿਸ ਕਰਕੇ 54000 ਵਰਕਰਾਂ ਅਤੇ ਹੈਲਪਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਨੂੰ ਜ਼ਾਹਰ ਕਰਦਿਆਂ ਅੱਜ ਰੋਸ ਪ੍ਰਦਰਸ਼ਨ ਕਰਕੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ ਗਿਆ। ਹਰਿਆਣਾ ਪੈਟਰਨ ਲਾਗੂ ਕਰਨ ਲਈ 11429 ਰੁਪਏ ਵਰਕਰ ਅਤੇ 5750 ਰੁਪਏ ਹੈਲਪਰ ਦਾ ਮਾਣ ਭੱਤਾ ਕਰਾਉਣ ਸਬੁੰਧੀ, 3 ਤੋਂ 6 ਸਾਲ ਦੇ ਬੱਚੇ ਮੁੜ ਆਂਗਣਵਾੜੀ 'ਚ ਦਾਖਲ ਕਰਵਾਉਣ, ਐਡਵਾਇਜਰੀ ਬੋਰਡ, ਚਾਇਲਡ ਕੌਂਸਲ ਅਧੀਨ ਪ੍ਰਜੈਕਟ 'ਚ ਕੰਮ ਕਰਦੀਆਂ ਆਂਗਣਵਾੜੀ ਮੁਲਾਜ਼ਮਾਂ ਦੇ ਮਾਣਭੰਤੇ, ਬਾਕੀ ਬਕਾਇਆ, ਬਿਲਡਿੰਗਾਂ ਦੇ ਕਿਰਾਏ ਫਰਵਰੀ 2018 ਤੱਕ ਦੇ ਕਲੀਅਰ ਕੀਤੇ ਜਾਣ। ਧਰਨੇ ਦੀ ਸ਼ਮੂਲੀਅਤ ਕਰਨ ਲਈ ਬਲਵਿੰਦਰ ਕੌਰ, ਮਨਦੀਪ ਕੁਮਾਰ ਸੰਗਰੂਰ, ਸਰਬਜੀਤ ਕੌਰ ਸੰਗਰੂਰ, ਬਲਵਿੰਦਰ ਕੌਰ, ਜਸਵਿੰਦਰ ਕੌਰ ਨੀਲੋਵਾਲ, ਸਿੰਦਰ ਕੌਰ, ਜਗਜੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ, ਤ੍ਰਿਸ਼ਨਜੀਤ ਕੌਰ ਆਦਿ ਹਾਜ਼ਰ ਸਨ।
ਆਂਗਣਵਾੜੀ ਵਰਕਰਾਂ ਨੇ ਬੋਲਿਆ ਹੱਲਾ
ਧਰਨੇ ਦੌਰਾਨ ਜਦੋਂ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਆਂਗਣਵਾੜੀ ਵਰਕਰਾਂ ਕੋਲੋਂ ਮੰਗ ਪੱਤਰ ਲੈਣ ਨਾ ਪੁੱਜਾ ਤਾਂ ਰੋਹ 'ਚ ਆਈਆਂ ਵਰਕਰਾਂ ਨੇ ਡੀ.ਸੀ. ਦਫਤਰ ਵੱਲ ਹੱਲ ਬੋਲ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੰਦ ਗੇਟਾਂ ਅੱਗੇ ਲਾਏ ਬੈਰੀਕੇਡਾਂ ਨੂੰ ਪਾਸੇ ਧਕਦਿਆਂ ਪੁਲਸ ਦੇ ਕੀਤੇ ਪ੍ਰਬੰਧਾਂ ਨੂੰ ਵੀ ਪਿੱਛੇ ਛੱਡ ਦਿੱਤਾ। ਕੁਝ ਵਰਕਰ ਤਾਂ ਇਸ ਦੌਰਾਨ ਪੁਲਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗੇਟ ਤੱਕ ਚੜ੍ਹਨ 'ਚ ਕਾਮਯਾਬ ਹੋ ਗਈਆਂ ਤੇ ਗੇਟ ਦੇ ਅੰਦਰ ਲਾਏ ਬੈਰੀਕੇਡਾਂ ਨੂੰ ਵੀ ਪਰ੍ਹੇ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਨੂੰ ਪੁਲਿਸ ਨੇ ਬੜੀ ਜੱਦੋ ਜ਼ਹਿਦ ਕਰਕੇ ਰੋਕਿਆ।
ਹੱਲਾ ਬੋਲ ਦੌਰਾਨ ਹੋਈ ਵਰਕਰ ਬੇਹੋਸ਼
ਇਸ ਹੱਲਾ ਬੋਲ 'ਚ ਆਂਗਣਵਾੜੀ ਵਰਕਰਾਂ ਨੇ ਪੂਰੇ ਜੋਸ਼ੋ ਖਰੋਸ ਨਾਲ ਇਕਦਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਵੱਲ ਧਾਵਾ ਬੋਲ ਕੇ ਜਿੱਥੇ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਉਥੇ ਹੀ ਇਸ ਦੌਰਾਨ ਇਕ ਆਂਗਣਵਾੜੀ ਵਰਕਰ ਵੀ ਬੇਹੋਸ਼ ਹੋ ਗਈ।


Related News