ਪੰਜਾਬ ਦੇ ਆਂਗਣਵਾੜੀ ਕੇਂਦਰਾਂ 'ਚ ਕਰੋੜਾਂ ਦਾ ਘਪਲਾ, ਮੁਲਜ਼ਮਾਂ ਖ਼ਿਲਾਫ਼ ਹੋਣ ਜਾ ਰਹੀ ਸਖ਼ਤ ਕਾਰਵਾਈ

06/03/2023 11:03:08 AM

ਲੁਧਿਆਣਾ (ਜ. ਬ.) : ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ਦੇ 10 ਜ਼ਿਲ੍ਹਿਆਂ ’ਚ ਸਥਿਤ ਆਂਗਣਵਾੜੀ ਕੇਂਦਰਾਂ ’ਤੇ ਅਨਾਜ ਸਟੋਰ ਕਰਨ ਲਈ ਕੰਟੇਨਰਾਂ ਦੀ ਹੋਈ ਖ਼ਰੀਦ ’ਚ ਵੱਡੇ ਘਪਲੇ ਦਾ ਪਤਾ ਲੱਗਾ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਰਿਪੋਰਟ ਇਸਤਰੀ ਬਾਲ ਵਿਕਾਸ ਅਤੇ ਸਮਾਜ ਭਲਾਈ ਮੰਤਰੀ ਬਲਜੀਤ ਕੌਰ ਨੂੰ ਭੇਜ ਦਿੱਤੀ ਹੈ, ਜਿਨ੍ਹਾਂ ਨੇ ਜਲਦ ਹੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਸਾਲ 2014-15 ਅਤੇ ਸਾਲ 2017-18 ’ਚ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਭੇਜੇ ਫੰਡਾਂ ਨਾਲ ਪੰਜਾਬ ’ਚ ਚੱਲ ਰਹੇ 27232 ਦੇ ਕਰੀਬ ਆਂਗਣਵਾੜੀ ਕੇਂਦਰਾਂ ’ਤੇ ਅਨਾਜ ਦੀ ਸਟੋਰੇਜ ਲਈ ਕੰਟੇਨਰ ਖ਼ਰੀਦਣ ਦਾ ਕੰਮ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ Heat Wave ਚੱਲਣ ਬਾਰੇ ਆਈ ਤਾਜ਼ਾ ਖ਼ਬਰ, ਜਾਣੋ ਜੂਨ ਮਹੀਨੇ ਦੇ ਮੌਸਮ ਦਾ ਹਾਲ

ਨਿਯਮ ਮੁਤਾਬਕ ਹਰ ਕੰਟੇਨਰ ਦੀ ਸਮਰੱਥਾ 100 ਕਿੱਲੋ ਤੈਅ ਕੀਤੀ ਗਈ ਸੀ ਪਰ ਜਦੋਂ ਸਬੰਧਿਤ ਅਧਿਕਾਰੀਆਂ ਨੇ ਕੰਟੇਨਰ ਖ਼ਰੀਦ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਕੁਆਲਿਟੀ ਨਾਲ ਸਮਝੌਤਾ ਕਰਦੇ ਹੋਏ ਨਾ ਸਿਰਫ ਅਜਿਹੇ ਕੰਟੇਨਰ ਖ਼ਰੀਦੇ, ਜਿਨ੍ਹਾਂ ’ਚ 70 ਕਿੱਲੋ ਅਨਾਜ ਹੀ ਰੱਖਿਆ ਜਾ ਸਕਦਾ ਸੀ, ਸਗੋਂ ਉਨ੍ਹਾਂ ’ਚ ਲੱਗਾ ਮਟੀਰੀਅਲ ਵੀ ਘਟੀਆ ਕਿਸਮ ਦਾ ਸੀ। ਸਰਕਾਰ ਬਦਲਣ ’ਤੇ ਵਿਜੀਲੈਂਸ ਕੋਲ ਲਗਾਤਾਰ ਇਸ ਸਬੰਧੀ ਆ ਰਹੀਆਂ ਸ਼ਿਕਾਇਤਾਂ ’ਤੇ ਜਦੋਂ ਇਸ ਦੀ ਜਾਂਚ ਸ਼ੁਰੂ ਹੋਈ ਤਾਂ ਸਪੱਸ਼ਟ ਹੋਇਆ ਕਿ ਕੰਟੇਨਰ ਖ਼ਰੀਦ ਪ੍ਰਕਿਰਿਆ ’ਚ ਨਾ ਸਿਰਫ ਵੱਡੇ ਪੱਧਰ ’ਤੇ ਘਪਲਾ ਹੋਇਆ ਹੈ, ਸਗੋਂ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਵੀ ਬਾਕਾਇਦਾ ਸਬੰਧਿਤ ਫਾਈਲ ’ਤੇ ਇਸ ਸਬੰਧੀ ਨੋਟ ਵੀ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਓਡੀਸ਼ਾ ਟਰੇਨ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਲਈ ਕੀਤੀ ਅਰਦਾਸ

ਹੁਣ ਵਿਜੀਲੈਂਸ ਨੇ ਕੰਟੇਨਰ ਖ਼ਰੀਦ ਘਪਲੇ ’ਚ ਜਾਂਚ ਮੁਕੰਮਲ ਕਰ ਕੇ ਅਗਲੀ ਕਾਰਵਾਈ ਲਈ ਇਸਤਰੀ ਬਾਲ ਵਿਕਾਸ ਅਤੇ ਸਮਾਜਿਕ ਭਲਾਈ ਮੰਤਰੀ ਨੂੰ ਭੇਜ ਦਿੱਤੀ ਹੈ, ਜਿਸ ਦੀ ਪੁਸ਼ਟੀ ਕਰਦਿਆਂ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਵਿਜੀਲੈਂਸ ਨੇ ਆਪਣੀ ਰਿਪੋਰਟ ਉਨ੍ਹਾਂ ਨੂੰ ਭੇਜ ਦਿੱਤੀ ਹੈ ਅਤੇ ਜਲਦ ਹੀ ਇਸ ਘਪਲੇ ’ਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੁਰੱਪਸ਼ਨ ਦੇ ਮਾਮਲੇ ’ਚ ਜ਼ੀਰੋ ਟਾਲਰੈਂਸ ਲਈ ਵਚਨਬੱਧ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News