ਕਾਰ ਦੀ ਟੱਕਰ ਨਾਲ ਇਨੋਵਾ ਸਵਾਰ ਬੀਮਾਰ ਵਿਅਕਤੀ ਨੇ ਤੋੜਿਆ ਦਮ
Tuesday, Jul 18, 2017 - 12:52 PM (IST)
ਚੰਡੀਗੜ੍ਹ(ਸੁਸ਼ੀਲ)-ਮਰੀਜ਼ ਦਾ ਚੈੱਕਅਪ ਕਰਵਾਉਣ ਧਰਮਸ਼ਾਲਾ ਜਾ ਰਹੀ ਇਨੋਵਾ ਗੱਡੀ ਨੂੰ ਤੇਜ਼ ਰਫਤਾਰ ਵੈਗਨਾਰ ਗੱਡੀ ਨੇ ਸੈਕਟਰ-45/46/49/50 ਦੀਆਂ ਲਾਈਟਾਂ ’ਤੇ ਟੱਕਰ ਮਾਰ ਦਿੱਤੀ। ਹਾਦਸੇ ’ਚ ਇਨੋਵਾ ’ਚ ਸਵਾਰ ਚਾਰ ਲੋਕ ਜ਼ਖਮੀ, ਜਦਕਿ ਚਾਲਕ ਵਾਲ-ਵਾਲ ਬਚ ਗਿਆ। ਇਨੋਵਾ ਗੱਡੀ ਚਾਲਕ ਤਰਨਤਾਰਨ ਨਿਵਾਸੀ ਪਰਮਜੀਤ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਮੌਕੇ ’ਤੇ ਪਹੁੰਚ ਕੇ ਦਿੱਲੀ ਨਿਵਾਸੀ ਸਲਾਊਦੀਨ, ਮੁਹੰਮਦ ਫਾਰੂਕ, ਮੁਹੰਮਦ ਇਸਲਾਮ ਤੇ ਉਸਦੇ ਬੀਮਾਰ ਭਰਾ ਨਵਾਬ ਨੂੰ ਜੀ. ਐੱਮ. ਸੀ. ਐੱਚ. 32 ’ਚ ਦਾਖਿਲ ਕਰਵਾਇਆ, ਜਿਥੇ ਡਾਕਟਰਾਂ ਨੇ ਮੁਹੰਮਦ ਨਵਾਬ ਨੂੰ ਮਿ੍ਰਤਕ ਐਲਾਨ ਦਿੱਤਾ। ਬਾਕੀ ਤਿੰਨਾਂ ਨੂੰ ਮਾਮੂਲੀ ਸੱਟ ਲੱਗੀ ਸੀ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਸੈਕਟਰ-49 ਥਾਣਾ ਪੁਲਸ ਨੇ ਮੌਕੇ ਤੋਂ ਵੈਗਨਾਰ ਗੱਡੀ ਨੂੰ ਜ਼ਬਤ ਕਰਕੇ ਇਨੋਵਾ ਚਾਲਕ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਕਾਰ ਚਾਲਕ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਦਿੱਲੀ ਤੋਂ ਜਾ ਰਹੇ ਸੀ ਧਰਮਸ਼ਾਲਾ
ਤਰਨਤਾਰਨ ਨਿਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਦਿੱਲੀ ’ਚ ਇਨੋਵਾ ਗੱਡੀ ਚਲਾਉਂਦਾ ਹੈ। 15 ਜੁਲਾਈ ਨੂੰ ਦਿੱਲੀ ਨਿਵਾਸੀ ਮੁਹੰਮਦ ਇਸਲਾਮ ਨੇ ਉਸਦੀ ਗੱਡੀ ਧਰਮਸ਼ਾਲਾ ਲੈ ਕੇ ਜਾਣ ਲਈ ਬੁੱਕ ਕਰਵਾਈ ਸੀ। ਮੁਹੰਮਦ ਇਸਲਾਮ ਨੇ ਆਪਣੇ ਭਰਾ ਮੁਹੰਮਦ ਨਵਾਬ ਦਾ ਚੈੱਕਅਪ ਧਰਮਸ਼ਾਲਾ ਦੇ ਡਾਕਟਰ ਤੋਂ ਕਰਵਾਉਣਾ ਸੀ। ਇਸ ਤਰ੍ਹਾਂ ਉਹ ਚੰਡੀਗੜ੍ਹ ਹੋ ਕੇ ਦਿੱਲੀ ਜਾ ਰਿਹਾ ਸੀ। ਜਦੋਂ ਇਨੋਵਾ ਗੱਡੀ ਚੰਡੀਗੜ੍ਹ ਦੇ ਸੈਕਟਰ-45/46/49/50 ਦੀਆਂ ਲਾਈਟਾਂ ’ਤੇ ਪਹੁੰਚੀ ਤਾਂ ਖੱਬੇ ਪਾਸਿਓਂ ਤੇਜ਼ ਰਫਤਾਰ ਆ ਰਹੀ ਵੈਗਨਾਰ ਕਾਰ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਵੈਗਨਾਰ ਕਾਰ ਚਾਲਕ ਨੂੰ ਗਿ੍ਰਫਤਾਰ ਕਰ ਲਿਆ।
