ਆਨੰਦ ਮੈਰਿਜ ਐਕਟ ਨੂੰ ਲੈ ਕੇ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਹੁਕਮ
Friday, Jun 09, 2023 - 05:52 PM (IST)
ਚੰਡੀਗੜ੍ਹ (ਰਜਿੰਦਰ) : ਸ਼ਹਿਰ ਵਿਚ ਸਿੱਖ ਰੀਤੀ-ਰਿਵਾਜ਼ਾਂ ਤਹਿਤ ਵਿਆਹ ਨੂੰ ਆਨੰਦ ਮੈਰਿਜ ਐਕਟ 1909 ਤਹਿਤ ਰਜਿਸਟਰਡ ਕਰਵਾ ਸਕੋਗੇ। ਯੂ. ਟੀ. (ਚੰਡੀਗੜ੍ਹ) ਪ੍ਰਸ਼ਾਸਨ ਨੇ ਮਾਰਚ ਵਿਚ ਐਕਟ ਲਾਗੂ ਕੀਤਾ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਅਨੁਸਾਰ ਅਜੇ ਫਿਲਹਾਲ ਆਫਲਾਈਨ ਮੋਡ ਨਾਲ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸੈਕਟਰ-17 ਸਥਿਤ ਡੀ. ਸੀ. ਦਫਤਰ ਦੀ ਮੈਰਿਜ ਬ੍ਰਾਂਚ ਵਿਚ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕੋਗੇ। ਇਸ ਵਿਚ ਲਾੜੇ-ਲਾੜੀ ਦਾ ਆਈ. ਡੀ. ਅਤੇ ਉਮਰ ਦਾ ਪਰੂਫ਼, ਗੁਰਦੁਆਰਾ ਸਾਹਿਬ ਵਲੋਂ ਜਾਰੀ ਵਿਆਹ ਸਰਟੀਫਿਕੇਟ, ਦੋ ਗਵਾਹਾਂ ਦੇ ਆਈ. ਡੀ. ਪਰੂਫ਼ ਅਤੇ ਵਿਆਹ ਸਮਾਰੋਹ ਅਤੇ ਉਸ ਵਿਚ ਸ਼ਾਮਲ ਹੋਣ ਵਾਲੇ ਗਵਾਹਾਂ ਦੀਆਂ ਤਸਵੀਰਾਂ ਜਮ੍ਹਾ ਕਰਵਾਉਣੀਆਂ ਪੈਣਗੀਆਂ।
ਇਹ ਵੀ ਪੜ੍ਹੋ : ਨੌਕਰੀ ਦੀ ਭਾਲ ’ਚ ਬੈਠੇ ਨੌਜਵਾਨਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
90 ਦਿਨਾਂ ਬਾਅਦ ਰਜਿਸਟ੍ਰੇਸ਼ਨ ਦੇ ਮਾਮਲਿਆਂ ’ਚ ਦੇਰੀ ਸਬੰਧੀ ਸਹੁੰ ਪੱਤਰ ਵੀ ਦੇਣਾ ਪਵੇਗਾ
ਵਿਆਹ ਦੇ 90 ਦਿਨਾਂ ਬਾਅਦ ਰਜਿਸਟ੍ਰੇਸ਼ਨ ਦੇ ਮਾਮਲਿਆਂ ਵਿਚ ਦੇਰੀ ਸਬੰਧੀ ਸਹੁੰ ਪੱਤਰ ਅਤੇ ਵਿਆਹੇ ਜੋੜਿਆਂ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੀ ਪਵੇਗੀ। ਚੰਡੀਗੜ੍ਹ ਲਾਜ਼ਮੀ ਵਿਆਹ ਰਜਿਸਟ੍ਰੇਸ਼ਨ ਨਿਯਮ-2012 ਤਹਿਤ ਅਪਲਾਈ ਕਰਨ ਵਾਲੇ ਨੂੰ ਵਿਆਹ ਸਰਟੀਫਿਕੇਟ ਦੇਣ ਲਈ ਪਹਿਲਾਂ ਤੋਂ ਹੀ ਲਾਗੂ ਆਨਲਾਈਨ ਪੋਰਟਲ ਨੂੰ ਸੋਧਿਆ ਜਾਵੇਗਾ ਤਾਂਕਿ ਆਨੰਦ ਮੈਰਿਜ ਐਕਟ ਤਹਿਤ ਅਪਲਾਈ ਕਰਨ ਵਾਲੇ ਨੂੰ ਆਨਲਾਈਨ ਸੇਵਾਵਾਂ ਦਾ ਲਾਭ ਮਿਲ ਸਕੇ।ਦੱਸ ਦੇਈਏ ਕਿ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਫਰਵਰੀ ਮਹੀਨੇ ਵਿਚ ਚੰਡੀਗੜ੍ਹ ਦੌਰੇ ਦੌਰਾਨ ਇਹ ਮਾਮਲਾ ਚੁੱਕਿਆ ਸੀ, ਜਿਸ ਤੋਂ ਬਾਅਦ ਹੀ ਯੂ. ਟੀ. ਪ੍ਰਸ਼ਾਸਨ ਨੇ 15 ਮਾਰਚ 2023 ਨੂੰ ਐਕਟ ਸ਼ਹਿਰ ਵਿਚ ਲਾਗੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਚੱਲ ਰਹੇ ਵੱਡੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਕੁੜੀਆਂ ਹੋਈਆਂ ਬਰਾਮਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani