ਹਿਮਾਚਲ ਪ੍ਰਦੇਸ਼ ਅਤੇ ਉਡਿਸ਼ਾ ''ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ
Wednesday, Sep 20, 2017 - 07:26 AM (IST)

ਜਲੰਧਰ/ਪਟਿਆਲਾ (ਚਾਵਲਾ, ਪਰਮੀਤ) - ਹਿਮਾਚਲ ਪ੍ਰਦੇਸ਼ ਤੇ ਉਡਿਸ਼ਾ ਦੇਸ਼ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਰਾਜ ਬਣ ਗਏ ਹਨ, ਜਿੱਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ। ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਤੇ ਉੜੀਸਾ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਰਾਜਾਂ ਵਿਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਉਹ ਇਹ ਐਕਟ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ। ਇਸ ਤੋਂ ਪਹਿਲਾਂ ਇਹ ਐਕਟ ਪੰਜਾਬ, ਹਰਿਆਣਾ, ਝਾਰਖੰਡ ਤੇ ਮੇਘਾਲਿਆ ਵਿਚ ਲਾਗੂ ਹੋ ਚੁੱਕਾ ਹੈ, ਜਦਕਿ ਦਿੱਲੀ, ਬਿਹਾਰ, ਯੂ. ਪੀ., ਉੱਤਰਾਖੰਡ ਤੇ ਆਸਾਮ ਵਿਚ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਰਾਜਾਂ ਵਿਚ ਇਹ ਐਕਟ ਲਾਗੂ ਹੋਣ ਸਦਕਾ ਹੁਣ ਇਥੇ ਰਹਿੰਦੇ ਸਿੱਖ ਭਾਈਚਾਰੇ ਦੇ ਮੈਂਬਰ ਆਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਇਸ ਐਕਟ ਤਹਿਤ ਕਰਵਾ ਸਕਣਗੇ।