ਇਟਲੀ ’ਚ ਦਰਿਆ ਕੰਢੇ ‘ਪੋਥੀ ਸਾਹਿਬ’ ਦਾ ਪ੍ਰਕਾਸ਼ ਕਰਕੇ ਕਰ ਦਿੱਤਾ ਗਿਆ ਅਨੰਦ ਕਾਰਜ
Friday, Sep 08, 2023 - 01:50 AM (IST)
ਰੋਮ (ਦਲਵੀਰ ਕੈਂਥ) : ਇਟਲੀ 'ਚ ਵਾਰ-ਵਾਰ ਸਿੱਖ ਮਰਿਆਦਾ ਭੰਗ ਹੋਣ ਦੀਆਂ ਕਈ ਉਦਾਹਰਣਾਂ ਬੀਤੇ ਸਮੇਂ ਦੀਆਂ ਮਿਲ ਜਾਣਗੀਆਂ। ਇੱਥੇ ਇਕ ਵਾਰ ਫਿਰ ਸਿੱਖ ਮਰਿਆਦਾ ਭੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਟਲੀ ਦੇ ਕੁਝ ਸਿੰਘਾਂ ਨੇ ਇੰਗਲੈਂਡ ਤੋਂ ਆਏ ਇਕ ਸਿੱਖ ਪਰਿਵਾਰ ਦਾ ਵਿਆਹ ਅਧੂਰੀ ਸਿੱਖ ਮਰਿਆਦਾ ਅਨੁਸਾਰ ਕਰਵਾਇਆ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ‘ਪੋਥੀ ਸਾਹਿਬ’ ਨਾਲ ਅਨੰਦ ਕਾਰਜ ਕਰਵਾਉਣ ਦੀ ਘਟਨਾ ਸਾਹਮਣੇ ਆ ਰਹੀ ਹੈ।
ਇਸ ਘਟਨਾ 'ਚ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਇਕ ਦਰਿਆ ਦੇ ਕੰਢੇ ਕੀਤਾ ਗਿਆ ਪਰ ਇਸ ਮੌਕੇ ਜੋ ਮਾਹੌਲ ਕੈਮਰੇ ਦੀ ਅੱਖ ਤੋਂ ਸਾਹਮਣੇ ਆਇਆ, ਉਸ ਤੋਂ ਸਾਫ਼ ਇਹ ਲੱਗ ਰਿਹਾ ਸੀ ਕਿ ਪ੍ਰਬੰਧਕਾਂ ਤੇ ਵਿਆਹ ਵਾਲੇ ਪਰਿਵਾਰਾਂ ਨੂੰ ਗੁਰੂ ਸਾਹਿਬ ਦੇ ਅਦਬ-ਸਤਿਕਾਰ ਦਾ ਕੋਈ ਫਿਕਰ ਨਹੀਂ ਸੀ।
ਇਹ ਵੀ ਪੜ੍ਹੋ : ਕਾਰ ਸਵਾਰ ਲੁਟੇਰੇ ਪੰਪ ਤੋਂ ਪੈਟਰੋਲ ਪਵਾ ਕੇ ਫਰਾਰ, ਵਰਕਰ ਨੂੰ ਕਰ ਗਏ ਜ਼ਖ਼ਮੀ, ਘਟਨਾ CCTV 'ਚ ਕੈਦ
ਵਰਣਨਯੋਗ ਹੈ ਕਿ 16 ਮਾਰਚ 1998 ਨੂੰ ਸਿੱਖ ਕੌਮ ਦੇ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਇਕ ਹੁਕਮਨਾਮਾ ਜਾਰੀ ਹੋਇਆ ਸੀ, ਜਿਹੜਾ ਉਸ ਸਮੇਂ ਦੇ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ ਸੀ। ਉਸ ਹੁਕਮਨਾਮੇ ਅਨੁਸਾਰ ਕੋਈ ਵੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਨੰਦ ਕਾਰਜ ਕਰਵਾਉਣ ਲਈ ਮੈਰਿਜ ਪੈਲਸ ਜਾਂ ਹੋਟਲ ਵਿੱਚ ਨਹੀਂ ਲਿਜਾ ਸਕਦਾ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਪਰ ਅਫ਼ਸੋਸ ਕਿ ਇਟਲੀ 'ਚ ਅੱਜ ਵੀ ਸਿੱਖ ਸਮਾਜ ਦੇ ਕੁਝ ਲੋਕ ਇਸ ਹੁਕਮਨਾਮੇ ਨੂੰ ਮੰਨਣ ਤੋਂ ਮੁਨਕਰ ਹੀ ਨਹੀਂ, ਸਗੋਂ ਸਿੱਖ ਮਰਿਆਦਾ ਦੀਆਂ ਬਿਨਾਂ ਗੁਰੂ ਦੇ ਭੈਅ ਤੋਂ ਧੱਜੀਆਂ ਵੀ ਉਡਾ ਰਹੇ ਹਨ।
ਇਸ ਨਵੇਂ ਤਾਜ਼ਾ ਮਾਮਲੇ ਸਬੰਧੀ ਮੌਜੂਦਾ ਗ੍ਰੰਥੀ ਸਿੰਘ ਨੇ ਇਕ ਆਡੀਓ 'ਚ ਇਟਲੀ ਦੀਆਂ ਸਿਰਮੌਰ ਜਥੇਬੰਦੀਆਂ ਦੇ ਆਗੂਆਂ ਤੋਂ ਮੁਆਫੀ ਮੰਗ ਕੇ ਭੁੱਲ ਬਖਸ਼ਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਟਲੀ ਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੁਰਬਾਣੀ ਦੀ ਬੇਅਦਬੀ ਨਾਲ ਡੂੰਘੀ ਸੱਟ ਵੱਜੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8