ਸਵਾਮੀ ਵਿਵੇਕਾਨੰਦ ’ਤੇ ਇਸਕਾਨ ਦੇ ਭਿਕਸ਼ੂ ਨੇ ਕੀਤੀ ਟਿੱਪਣੀ, ਸੰਸਥਾ ਨੇ ਲਾਈ ਇਕ ਮਹੀਨੇ ਦੀ ਪਾਬੰਦੀ
Wednesday, Jul 12, 2023 - 05:28 PM (IST)

ਜਲੰਧਰ- ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ੀਅਸਨੈੱਸ (ਇਸਕਾਨ) ਨੇ ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਪਰਮਹੰਸ ’ਤੇ ਅਣਉਚਿਤ ਟਿੱਪਣੀ ਕਰਨ ਲਈ ਆਪਣੇ ਇਕ ਭਿਕਸ਼ੂ ਅਮੋਘ ਲੀਲਾ ਦਾਸ ’ਤੇ ਇਕ ਮਹੀਨੇ ਲਈ ਪਾਬੰਦੀ ਲਾ ਦਿੱਤੀ ਹੈ। ਇਸਕਾਨ ਦੇ ਬੁਲਾਰੇ ਨੇ ਕਿਹਾ ਅਮੋਘ ਲੀਲਾ ਦਾਸ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਹੈ ਅਤੇ ਗੋਵਰਧਨ ਦੀਆਂ ਪਹਾੜੀਆਂ ’ਚ ਇਕ ਮਹੀਨੇ ਲਈ ਪਛਤਾਵੇ ’ਤੇ ਜਾਣ ਦਾ ਸੰਕਲਪ ਲਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਤੁਰੰਤ ਖੁਦ ਨੂੰ ਜਨਤਕ ਜੀਵਨ ਤੋਂ ਪੂਰੀ ਤਰ੍ਹਾਂ ਵੱਖ ਕਰ ਲੈਣਗੇ।
ਕੀ ਕੀਤੀ ਸੀ ਟਿੱਪਣੀ
ਅਮੋਘ ਲੀਲਾ ਦਾਸ ਇਕ ਅਧਿਆਤਮਕ ਬੁਲਾਰੇ ਹਨ, ਜਿਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਲੋਕਪ੍ਰਿਯ ਹਨ। ਆਪਣੇ ਇਕ ਪ੍ਰਵਚਨ ਦੌਰਾਨ ਅਮੋਘ ਲੀਲਾ ਦਾਸ ਨੇ ਸਵਾਮੀ ਵਿਵੇਕਾਨੰਦ ਵਲੋਂ ਮੱਛੀ ਦੇ ਸੇਵਨ ’ਤੇ ਸਵਾਲ ਉਠਾਉਂਦੇ ਕਿਹਾ ਸੀ ਕਿ, ‘‘ਇਕ ਸਦਾਚਾਰੀ ਵਿਅਕਤੀ ਕਦੇ ਵੀ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਸੀ ਕਿ ਕੀ ਕੋਈ ਨੇਕ ਆਦਮੀ ਕਦੇ ਮੱਛੀ ਖਾਵੇਗਾ?’’ ਮੱਛੀ ਨੂੰ ਵੀ ਦਰਦ ਹੁੰਦਾ ਹੈ ਨਾ? ਤਾਂ ਫਿਰ ਕੀ ਕੋਈ ਧਰਮਾਤਮਾ ਵਿਅਕਤੀ ਮੱਛੀ ਖਾਵੇਗਾ?
ਸੋਸ਼ਲ ਮੀਡੀਆ ’ਤੇ ਹੋਇਆ ਵਿਵਾਦ
ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਗੁਰੂ ਰਾਮਕ੍ਰਿਸ਼ਨ ਪਰਮਹੰਸ ’ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਦੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ’ਤੇ ਵਿਵਾਦ ਖੜਾ ਕਰ ਦਿੱਤਾ, ਜਿਸ ਕਾਰਨ ਇਸਕਾਨ ਨੂੰ ਆਪਣੇ ਭਿਕਸ਼ੂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਆਪਣੇ ਬਿਆਨ ’ਚ ਇਸਕਾਨ ਦੇ ਬੁਲਾਰੇ ਕਿ ਉਹ ਅਮੋਘ ਲੀਲਾ ਦਾਸ ਦੀਆਂ ਅਣਉਚਿਤ ਅਤੇ ਨਾ ਮੰਨਣਯੋਗ ਟਿੱਪਣੀਆਂ ਅਤੇ ਇਨ੍ਹਾਂ ਦੋ ਵਿਅਕਤੀਆਂ ਦੀਆਂ ਮਹਾਨ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਘੱਟ ਸਮਝ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਇਸਕਾਨ ਵਲੋਂ ਇਕ ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਹੈ।