ਸੈਂਟਰਲ ਜੇਲ ’ਚ ਬਜ਼ੁਰਗ ਦਾ ਕਤਲ ਕਰ ਲਗਾ ’ਤੀ ਅੱਗ, ਲੱਖਾਂ ਦੀ ਨਕਦੀ ਤੇ ਗਹਿਣੇ ਵੀ ਚੋਰੀ

Saturday, Apr 13, 2024 - 05:57 AM (IST)

ਸੈਂਟਰਲ ਜੇਲ ’ਚ ਬਜ਼ੁਰਗ ਦਾ ਕਤਲ ਕਰ ਲਗਾ ’ਤੀ ਅੱਗ, ਲੱਖਾਂ ਦੀ ਨਕਦੀ ਤੇ ਗਹਿਣੇ ਵੀ ਚੋਰੀ

ਲੁਧਿਆਣਾ (ਸਿਆਲ)– ਸੈਂਟਰਲ ਜੇਲ ਕੰਪਲੈਕਸ ਸਥਿਤ ਕੁਆਰਟਰ ’ਚ ਬਜ਼ੁਰਗ ਦਾ ਕਤਲ ਕਰਕੇ ਉਸ ਨੂੰ ਅੱਗ ਲਗਾ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰਕੇ ਲੁਟੇਰੇ ਫਰਾਰ ਹੋ ਗਏ। ਇਸ ਸਨਸਨੀਖੇਜ਼ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਅਬਦੁਲ ਗੱਫਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਬਦੁਲ ਗੱਫਾਰ ਪੁੱਤਰ ਸਵ. ਇਕਬਾਲ ਖ਼ਾਨ ਨੇ ਦੱਸਿਆ ਕਿ ਉਹ ਸੈਂਟਰਲ ਜੇਲ ਦੇ ਕੰਪਲੈਕਸ ਸਥਿਤ ਕੁਆਰਟਰ ਨੰ. 64 ਦਾ ਨਿਵਾਸੀ ਹੈ। ਉਨ੍ਹਾਂ ਦੇ ਦਾਦਾ ਜਮਾਲੁਦੀਨ ਵੀ ਉਨ੍ਹਾਂ ਦੇ ਨਾਲ ਰਹਿੰਦੇ ਸਨ, ਜਿਨ੍ਹਾਂ ਦੀ ਉਮਰ 90 ਸਾਲ ਸੀ। ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਈਦ ਮਨਾਉਣ ਲਈ ਬਾਹਰ ਗਿਆ ਸੀ। ਰਾਤ 10 ਵਜੇ ਦੇ ਕਰੀਬ ਜਦੋਂ ਉਹ ਵਾਪਸ ਕੁਆਰਟਰ ’ਚ ਪੁੱਜਾ ਤਾਂ ਉਹ ਦੇਖ ਕੇ ਹੈਰਾਨ ਹੋ ਗਿਆ ਕਿ ਕੁਆਰਟਰ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਰੌਲਾ ਪਾਉਣ ’ਤੇ ਗੁਆਂਢੀ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੌਕੇ ’ਤੇ ਆ ਗਏ। ਬੈੱਡ ’ਤੇ ਪਏ ਉਸ ਦੇ ਦਾਦਾ ਅੱਗ ਦੀਆਂ ਲਪਟਾਂ ’ਚ ਬੁਰੀ ਤਰ੍ਹਾਂ ਝੁਲਸੇ ਪਏ ਸਨ ਤੇ ਉਨ੍ਹਾਂ ਦੇ ਹੱਥਾਂ ’ਚੋਂ ਸੋਨੇ ਦੀਆਂ ਮੁੰਦਰੀਆਂ ਤੇ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਸੂਹਾ ਦੇ ਨੌਜਵਾਨਾਂ ਦੀ ਮੌਤ, ਪਰਿਵਾਰਾਂ ਦੇ ਸਨ ਇਕਲੌਤੇ

ਜਦੋਂ ਦੂਜੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਥੋਂ ਚਾਂਦੀ ਦਾ ਕੜਾ ਤੇ ਮੇਰੀ ਪਤਨੀ ਦੇ ਰੁਪਏ ਵੀ ਗਾਇਬ ਸਨ। ਸ਼ੱਕ ਹੈ ਕਿ ਲੁਟੇਰਿਆਂ ਨੇ ਚੋਰੀ ਦੀ ਨੀਅਤ ਨਾਲ ਮੇਰੇ ਦਾਦੇ ਦਾ ਕਤਲ ਕਰਕੇ ਅੱਗ ਲਗਾ ਦਿੱਤੀ। ਸਥਾਨਕ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਦੇ ਕਤਲ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।

ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਕਿਵੇਂ ਹੋ ਗਈ ਦੂਜੀ ਵਾਰ ਚੋਰੀ? ਜਾਂਚ ਦਾ ਵਿਸ਼ਾ
ਜ਼ਿਕਰਯੋਗ ਹੈ ਕਿ ਫਰਵਰੀ, 2024 ’ਚ ਇਨ੍ਹਾਂ ਦੇ ਹੀ ਕੁਆਰਟਰ ਤੋਂ ਲੁਟੇਰੇ 7.50 ਲੱਖ ਦੀ ਨਕਦੀ ਤੇ 8 ਤੋਲੇ ਸੋਨਾ ਤੇ ਹੋਰ ਕੀਮਤੀ ਸਾਮਾਨ ਅਲਮਾਰੀ ਤੋੜ ਕੇ ਲੈ ਗਏ ਸਨ। ਉਸ ਸਮੇਂ ਪਰਿਵਾਰ ਕੁਝ ਦਿਨਾਂ ਲਈ ਬਾਹਰ ਗਿਆ ਹੋਇਆ ਸੀ ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 380, 457 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਸੀ।

ਜੇਲ ਦੇ ਮੁੱਖ ਗੇਟ ’ਤੇ 24 ਘੰਟੇ ਸੁਰੱਖਿਆ ਰਹਿੰਦੀ ਹੈ। ਜੇਲ ਕੰਪਲੈਕਸ ’ਚ ਦਾਖ਼ਲ ਹੋਣ ਵਾਲਾ ਕੋਈ ਵੀ ਵਿਅਕਤੀ ਬਿਨਾਂ ਤਲਾਸ਼ੀ ਨਹੀਂ ਜਾ ਸਕਦਾ, ਜਦਕਿ ਕੁਆਰਟਰਾਂ ਦੀ ਬਾਊਂਡਰੀ ਵੀ ਕਈ-ਕਈ ਫੁੱਟ ਉੱਚੀ ਹੈ ਤੇ ਬਾਊਂਡਰੀ ਦੇ ਉੱਪਰ ਕੰਲਿਆਲੀ ਤਾਰ ਵੀ ਲਗਾਈ ਹੋਈ ਹੈ। ਫਿਰ ਵੀ ਕੋਈ ਅਣਪਛਾਤਾ ਵਿਅਕਤੀ ਕੁਆਰਟਰਾਂ ’ਚ ਕਿਵੇਂ ਦਾਖ਼ਲ ਹੋ ਕੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਗਿਆ, ਇਹ ਗੰਭੀਰ ਜਾਂਚ ਦਾ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News