ਨਗਰ ਨਿਗਮ ਪੁੱਜੀ ਕੇਂਦਰ ਸਰਕਾਰ ਦੀ ਟੀਮ, ਕੀਤੀ ਅਮਰੁਤ ਯੋਜਨਾ ਦੇ ਦਾਅਵਿਆਂ ਦੀ ਜਾਂਚ
Wednesday, Feb 07, 2018 - 11:06 AM (IST)

ਜਲੰਧਰ (ਖੁਰਾਣਾ)— ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਦੀ ਇਕ ਟੀਮ ਮੰਗਲਵਾਰ ਜਲੰਧਰ ਨਗਰ ਨਿਗਮ ਪੁੱਜੀ, ਜਿਸ ਨੇ ਅਮਰੁਤ ਯੋਜਨਾ ਦੇ ਤਹਿਤ ਨਿਗਮ ਵੱਲੋਂ ਕੀਤੇ ਗਏ ਦਾਅਵਿਆਂ ਦੀ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀ ਅਮਰੁਤ ਯੋਜਨਾ ਦੇ ਤਹਿਤ ਨਿਗਮ ਨੂੰ ਅਗਲੇ 5 ਸਾਲ ਲਈ ਕਰੀਬ 550 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਹੋ ਚੁੱਕੀ ਹੈ, ਜਿਸ ਦੇ ਤਹਿਤ ਸੀਵਰੇਜ ਨਾਲ ਸਬੰਧਤ ਅਤੇ ਹੋਰ ਕੰਮ ਕਰਵਾਏ ਜਾਣੇ ਹਨ।
ਅਮਰੁਤ ਯੋਜਨਾ ਦੀ ਗ੍ਰਾਂਟ ਹਾਸਲ ਕਰਨ ਲਈ ਨਗਰ ਨਿਗਮ ਨੇ ਆਪਣੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਦੇ ਕਈ ਦਾਅਵੇ ਕੀਤੇ ਸਨ, ਜਿਨ੍ਹਾਂ ਦੀ ਹਕੀਕਤ ਪਰਖੀ ਗਈ। ਜ਼ਿਕਰਯੋਗ ਹੈ ਕਿ ਅਮਰੁਤ ਗ੍ਰਾਂਟ ਹਾਸਲ ਕਰਨ ਲਈ ਨਿਗਮ ਕੋਲੋਂ ਅਕਾਊਂਟਸ ਸਿਸਟਮ ਦੀ ਡਬਲ ਐਂਟਰੀ, ਐੱਸ. ਟੀ. ਪੀ. ਅਤੇ ਸਟ੍ਰੀਟ ਲਾਈਟ 'ਚ ਐਨਰਜੀ ਸੇਵਿੰਗ, ਆਨਲਾਈਨ ਬਿਲਿੰਗ, ਆਨਲਾਈਨ ਪੇਮੈਂਟ, ਆਨਲਾਈਨ ਵੈੱਬਸਾਈਟ, ਈ-ਰੋਲ ਅਤੇ ਪੈਨਸ਼ਨ ਆਦਿ ਨਾਲ ਸਬੰਧਤ ਸੁਧਾਰਾਂ ਦੀ ਮੰਗ ਕੀਤੀ ਗਈ ਸੀ। ਨਿਗਮ ਨੇ ਇਨ੍ਹਾਂ ਸੁਧਾਰਾਂ ਬਾਰੇ ਜੋ ਦਾਅਵੇ ਕੀਤੇ ਸਨ, ਟੀਮ ਨੇ ਉਨ੍ਹਾਂ ਨਾਲ ਸਬੰਧਤ ਕਾਗਜ਼ ਚੈੱਕ ਕੀਤੇ ਅਤੇ ਨਿਗਮ ਕੋਲੋਂ ਰਿਕਾਰਡ ਤਲਬ ਕੀਤਾ। ਇਸ ਟੀਮ 'ਚ ਮੈਡਮ ਪੂਜਾ ਡਿਸੂਜਾ ਅਤੇ ਇਕ ਹੋਰ ਔਰਤ ਸ਼ਾਮਲ ਸੀ।