ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ''ਤੇ ਅੰਮ੍ਰਿਤਸਰ ਬਣੇਗਾ ਖੁਬਸੂਰਤ ਸ਼ਹਿਰ
Thursday, Oct 05, 2017 - 06:14 AM (IST)
ਅੰਮ੍ਰਿਤਸਰ, (ਪ੍ਰਵੀਨ ਪੁਰੀ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ, ਵੱਖ-ਵੱਖ ਜਥੇਬੰਦੀਆਂ ਤੇ ਆਮ ਸ਼ਹਿਰੀ ਤਿਆਰੀਆਂ ਕਰ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੂਰੋਂ-ਦੂਰੋਂ ਆਉਣ ਵਾਲੇ ਲੋਕਾਂ ਦੀ ਰਿਹਾਇਸ਼ ਲਈ ਪ੍ਰਾਈਵੇਟ ਹੋਟਲਾਂ ਨਾਲ ਵੀ ਸੰਪਰਕ ਕਰ ਲਿਆ ਹੈ। ਸੰਭਾਵਨਾ ਹੈ ਕਿ ਇਸ ਦਿਨ 5 ਲੱਖ ਤੋਂ ਵੱਧ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ੇਸ਼ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦਾ ਬੱਸ ਸਟੈਂਡ, ਰੇਲਵੇ ਸਟੇਸ਼ਨ, ਅਟਾਰੀ ਬਾਰਡਰ ਅਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਨੂੰ ਵੀ ਵਿਸ਼ੇਸ਼ ਤੌਰ 'ਤੇ ਖੂਬਸੂਰਤ ਬਣਾਉਣ ਲਈ ਪ੍ਰਸ਼ਾਸਨ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਬਣਾਇਆ ਗਿਆ ਹੈ। 6 ਅਕਤੂਬਰ ਨੂੰ ਨਗਰ ਕੀਰਤਨ ਵਿਚ ਸਾਰਾ ਸ਼ਹਿਰ ਹੁੰਮ-ਹੁਮਾ ਕੇ ਸ਼ਾਮਿਲ ਹੋ ਰਿਹਾ ਹੈ। 7 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਪੰਜਾਬ ਸਰਕਾਰ ਨੂੰ ਭਾਵੇਂ ਦੂਰ ਰੱਖਿਆ ਗਿਆ ਹੈ ਤਾਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਲੀਡਰ ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।
ਅਤਿ-ਆਧੁਨਿਕ ਰਸੋਈ ਘਰ ਤੇ 66 ਕੇ. ਵੀ. ਏ. ਪਾਵਰ ਗਰਿਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
ਕੇ. ਐੱਸ. ਪੰਨੂ ਚੇਅਰਮੈਨ ਪੀ. ਪੀ. ਸੀ. ਬੀ. ਅਤੇ ਰੂਪ ਸਿੰਘ ਸਕੱਤਰ ਐੱਸ. ਜੀ. ਪੀ. ਸੀ. ਨੇ ਪੀ. ਪੀ. ਸੀ. ਬੀ. ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨਾਲ ਅਤਿ-ਆਧੁਨਿਕ ਰਸੋਈ ਘਰ ਅਤੇ 66 ਕੇ. ਵੀ. ਏ. ਪਾਵਰ ਗਰਿਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਪਾਇਆ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਕੰਮ ਤਸੱਲੀਬਖਸ਼ ਚੱਲ ਰਿਹਾ ਹੈ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਪ੍ਰਾਜੈਕਟ 2 ਮਹੀਨੇ ਤੱਕ ਮੁਕੰਮਲ ਕਰ ਲਏ ਜਾਣ। ਇਸ ਪ੍ਰਾਜੈਕਟ ਨਾਲ ਦਰਬਾਰ ਸਾਹਿਬ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਅਤੇ ਜਨਰੇਟਰ ਸੈੱਟ ਅਤੇ ਹੋਰ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਕਿਰਿਆਵਾਂ ਪੱਕੇ ਤੌਰ 'ਤੇ ਬੰਦ ਹੋ ਜਾਣਗੀਆਂ।
ਪ੍ਰਦੂਸ਼ਣ ਖਤਮ ਕਰਨ ਲਈ ਢੁੱਕਵੇਂ ਪ੍ਰਬੰਧ
ਪੀ. ਪੀ. ਸੀ. ਬੀ. ਅਤੇ ਐੱਸ. ਜੀ. ਪੀ. ਸੀ. ਦੇ ਅਧਿਕਾਰੀਆਂ ਵੱਲੋਂ ਇਹ ਨਿਸ਼ਚਿਤ ਕੀਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸਭ ਢੁੱਕਵੇਂ ਪ੍ਰਬੰਧ/ਤਰੀਕੇ ਅਪਣਾਏ ਜਾਣਗੇ। ਇਹ ਵੀ ਫੈਸਲਾ ਲਿਆ ਗਿਆ ਕਿ ਐੱਸ. ਜੀ. ਪੀ. ਸੀ. ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਹਰਿਆਵਲ ਪੱਟੀ ਨੂੰ ਹੋਰ ਵਿਕਸਿਤ ਕਰਨ ਲਈ ਬਾਗ਼ਬਾਨੀ ਮਾਹਿਰਾਂ ਦੀਆਂ ਸੇਵਾਵਾਂ ਲਏਗੀ।
ਇਸ ਮੌਕੇ ਪੀ. ਪੀ. ਸੀ. ਬੀ. ਦੇ ਮੁੱਖ ਵਾਤਾਵਰਣ ਇੰਜੀਨੀਅਰ, ਸੀਨੀਅਰ ਵਾਤਾਵਰਣ ਇੰਜੀਨੀਅਰ, ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਧੀਕ ਨਿਗਰਾਨ ਇੰਜੀਨੀਅਰ ਅਤੇ ਐੱਸ. ਜੀ. ਪੀ. ਸੀ. ਦੇ ਐੱਸ. ਡੀ. ਓ. (ਉਸਾਰੀ) ਵੀ ਹਾਜ਼ਰ ਸਨ।
