ਖੁੱਲ੍ਹੇ ਪਾਣੀ ਨਾਲ ਵਿਹੜੇ-ਗੱਡੀਆਂ ਧੋਣ ਵਾਲਿਆਂ ਦੀ ਹੁਣ ਖੈਰ ਨਹੀਂ
Sunday, Jul 07, 2019 - 12:40 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਜੇਕਰ ਤੁਸੀਂ ਵੀ ਖੁੱਲ੍ਹਾ ਪਾਣੀ ਵਰਤਣ ਦੇ ਆਦੀ ਹੋ ਤੇ ਪਾਈਪਾਂ ਲਗਾ ਕੇ ਆਪਣੇ ਘਰਾਂ ਦੇ ਫਰਸ਼ ਤੇ ਗੱਡੀਆਂ ਧੋਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਸੁਧਾਰ ਲਓ, ਕਿਉਂਕਿ ਤੁਹਾਡੀ ਇਹ ਆਦਤ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਜਾਣਕਾਰੀ ਮੁਤਾਬਕ ਪਾਈਪਾਂ ਲਗਾ ਕੇ ਗੱਡੀਆਂ ਧੋਣ ਤੇ ਘਰਾਂ 'ਚ ਫਾਲਤੂ ਪਾਣੀ ਡੋਲ੍ਹਣ ਵਾਲਿਆਂ 'ਤੇ ਹੁਣ ਨਗਰ ਨਿਗਮ ਆਪਣਾ ਡੰਡਾ ਚਲਾਉਣ ਲਈ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਨਾ ਸਿਰਫ ਜੁਰਮਾਨੇ ਲਗਾਏ ਜਾਣਗੇ, ਸਗੋਂ ਵਾਰ-ਵਾਰ ਇਕੋ ਗਲਤੀ ਕਰਨ ਵਾਲਿਆਂ ਦੇ ਪਾਣੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
ਪਾਣੀ ਅੱਜ ਸਿਰਫ ਪੰਜਾਬ ਹੀ ਨਹੀਂ, ਦੇਸ਼ ਤੇ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਹੈ, ਜਿਥੇ ਦੁਨੀਆ ਭਰ 'ਚ ਪਾਣੀ ਨੂੰ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ, ਉਥੇ ਹੀ ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਵੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਜਿਸਦੇ ਤਹਿਤ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਪਾਣੀ ਦੀ ਬਰਬਾਦੀ ਰੋਕਣ ਲਈ ਕਮਰ ਕੱਸ ਲਈ ਹੈ।