ਇਲਾਜ ਲਈ ਤੜਫਦਾ ਰਿਹਾ 5 ਸਾਲ ਦਾ ਮਾਸੂਮ, ਨਹੀਂ ਪਸੀਜਿਆ ਡਾਕਟਰਾਂ ਦਾ ਦਿਲ
Wednesday, Feb 26, 2020 - 09:59 AM (IST)
ਅੰਮ੍ਰਿਤਸਰ (ਦਲਜੀਤ) : ਜ਼ਿਲਾ ਪੱਧਰੀ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਅੱਜ ਗੰਭੀਰ ਜ਼ਖਮੀ 5 ਸਾਲ ਦਾ ਮਾਸੂਮ ਬੱਚਾ ਇਲਾਜ ਲਈ ਤੜਫਦਾ ਰਿਹਾ। ਡਾਕਟਰਾਂ ਨੇ ਦਰਦ ਨਾਲ ਤੜਫ ਰਹੇ ਬੱਚੇ ਦਾ ਇਲਾਜ ਕਰਨ ਦੀ ਬਜਾਏ ਸੁਵਿਧਾਵਾਂ ਦੀ ਕਮੀ ਹੋਣ ਦਾ ਬਹਾਨਾ ਬਣਾਉਂਦਿਆਂ ਉਸ ਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ। ਘਟਨਾਚੱਕਰ ਦੌਰਾਨ ਐਮਰਜੈਂਸੀ 'ਚ ਮੌਜੂਦ ਲੋਕਾਂ ਨੇ ਜਿਥੇ ਸਰਕਾਰੀ ਤੰਤਰ ਨੂੰ ਜੰਮ ਕੇ ਕੋਸਿਆ, ਉਥੇ ਹਸਪਤਾਲ ਪ੍ਰਸ਼ਾਸਨ ਨੇ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਦੋਵਾਂ ਡਾਕਟਰਾਂ ਦੀ ਜਵਾਬ-ਤਲਬੀ ਕਰ ਲਈ ਹੈ।ਜਾਣਕਾਰੀ ਅਨੁਸਾਰ ਸੱਤਿਅਮ (5) ਵਾਸੀ ਬਟਾਲਾ ਰੋਡ ਜੋ ਅੱਜ ਸਵੇਰੇ ਆਪਣੇ ਘਰ 'ਚ ਖੇਡ ਰਿਹਾ ਸੀ, ਦਾ ਪੌੜੀਆਂ ਤੋਂ ਉੱਤਰਦੇ ਸਮੇਂ ਪੈਰ ਤਿਲਕ ਗਿਆ ਅਤੇ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ। ਮਾਤਾ-ਪਿਤਾ ਖੂਨ ਨਾਲ ਲੱਥਪੱਥ ਬੱਚੇ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਲੈ ਕੇ ਆਏ, ਜਿਥੇ ਉਸ ਸਮੇਂ ਮੌਕੇ 'ਤੇ ਡਾ. ਰਜਨੀਤ ਕੌਰ ਮੌਜੂਦ ਸੀ। ਸੱਤਿਅਮ ਦੇ ਪਿਤਾ ਰਾਜੂ ਨੇ ਦੱਸਿਆ ਕਿ ਡੇਢ ਘੰਟਾ ਉਨ੍ਹਾਂ ਦਾ ਬੱਚਾ ਇਲਾਜ ਲਈ ਤੜਫਦਾ ਰਿਹਾ। ਇਲਾਜ ਨਾ ਮਿਲਣ ਕਾਰਣ ਉਹ ਰੋ-ਰੋ ਕੇ ਬੇਹਾਲ ਹੋ ਗਿਆ, ਜਦੋਂ ਉਹ ਡਾ. ਰਜਨੀਤ ਕੌਰ ਨੂੰ ਬੱਚੇ ਦੇ ਇਲਾਜ ਲਈ ਮਿਲਣ ਗਏ ਤਾਂ ਡਾਕਟਰ ਨੇ ਕਿਹਾ ਕਿ ਇਹ ਕੰਮ ਉਨ੍ਹਾਂ ਦਾ ਨਹੀਂ ਹੈ, ਉਹ ਸਰਜਨ ਨਾਲ ਸੰਪਰਕ ਕਰਦੇ ਹਨ ਪਰ ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਡਾ. ਰਜਨੀਤ ਨੇ ਸਪੱਸ਼ਟ ਕਹਿ ਦਿੱਤਾ ਕਿ ਉਨ੍ਹਾਂ ਕੋਲ ਸਾਧਨ ਨਹੀਂ ਹੈ, ਬੱਚੇ ਨੂੰ ਹੋਰ ਹਸਪਤਾਲ ਲੈ ਜਾਓ।
ਰਾਜੂ ਨੇ ਦੱਸਿਆ ਕਿ ਬੱਚੇ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਐਮਰਜੈਂਸੀ 'ਚ ਮੌਜੂਦ ਡਾਕਟਰਾਂ ਦਾ ਦਿਲ ਤਾਂ ਪਸੀਜਿਆ ਨਹੀਂ ਪਰ ਫਾਰਮੇਸੀ ਅਧਿਕਾਰੀ ਸ਼ਾਮ ਸੁੰਦਰ ਅੱਗੇ ਆਏ ਅਤੇ ਉਨ੍ਹਾਂ ਬੱਚੇ ਨੂੰ ਚੁੱਕ ਕੇ ਉਸ ਦੇ ਸਿਰ 'ਤੇ ਪੱਟੀ ਕਰ ਦਿੱਤੀ। ਰਾਜੂ ਨੇ ਕਿਹਾ ਕਿ ਕਹਿਣ ਨੂੰ ਤਾਂ ਇਹ ਜ਼ਿਲਾ ਪੱਧਰੀ ਸਿਵਲ ਹਸਪਤਾਲ ਹੈ ਅਤੇ ਦੂਜੇ ਹਸਪਤਾਲਾਂ ਲਈ ਆਦਰਸ਼ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਥੇ ਐਮਰਜੈਂਸੀ 'ਚ ਮਰੀਜ਼ਾਂ ਨੂੰ ਸਹੂਲਤ ਨਹੀਂ ਮਿਲ ਰਹੀ। ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਇਨ੍ਹਾਂ ਡਾਕਟਰਾਂ ਨੂੰ ਤਾਂ ਖੂਨ ਨਾਲ ਲੱਥਪੱਥ ਬੱਚੇ ਦੀ ਤਰਸਯੋਗ ਹਾਲਤ 'ਤੇ ਵੀ ਤਰਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਬੱਚੇ ਨੂੰ ਹੋਰ ਹਸਪਤਾਲ ਲਿਜਾ ਕੇ ਉਸ ਨੂੰ ਟਾਂਕੇ ਲਵਾਏ ਗਏ ਪਰ ਸਮੇਂ 'ਤੇ ਇਲਾਜ ਨਾ ਹੋਣ ਕਾਰਣ ਉਸ ਦਾ ਖੂਨ ਕਾਫ਼ੀ ਵਹਿ ਗਿਆ ਹੈ। ਇਸ ਸਬੰਧੀ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਡਾ. ਰਜਨੀਤ ਕੌਰ ਨੇ ਕਿਹਾ ਕਿ ਬੱਚਾ ਜਦੋਂ ਐਮਰਜੈਂਸੀ 'ਚ ਆਇਆ ਤਾਂ ਉਸ ਦੀ ਹਾਲਤ ਤਰਸਯੋਗ ਸੀ। ਉਨ੍ਹਾਂ ਤੁਰੰਤ ਸਰਜਨ ਡਾ. ਅਰਸ਼ਦੀਪ ਦੇ ਕੋਲ ਭੇਜ ਦਿੱਤਾ। ਉਧਰ ਡਾ. ਅਰਸ਼ਦੀਪ ਨੇ ਕਿਹਾ ਕਿ ਡਾ. ਰਜਨੀਤ ਕੌਰ ਨੇ ਉਨ੍ਹਾਂ ਕੋਲ ਜ਼ਖਮੀ ਬੱਚੇ ਨੂੰ ਨਹੀਂ ਭੇਜਿਆ ਸਗੋਂ ਫੋਨ 'ਤੇ ਹੀ ਬੱਚੇ ਦੇ ਗੰਭੀਰ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ 'ਤੇ ਉਨ੍ਹਾਂ ਨੇ ਉਨ੍ਹਾਂ ਨੂੰ ਸਾਧਨ ਨਾ ਹੋਣ ਕਾਰਣ ਰੈਫਰ ਕਰਨ ਲਈ ਕਿਹਾ ਸੀ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ। ਦੋਵਾਂ ਡਾਕਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਬੁੱਧਵਾਰ ਨੂੰ ਡਾ. ਰਜਨੀਤ ਅਤੇ ਡਾ. ਅਰਸ਼ਦੀਪ ਨੂੰ ਰਿਕਾਰਡ ਸਮੇਤ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਜਾਂਚ ਉਪਰੰਤ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।