ਅੰਮ੍ਰਿਤਸਰ ਰੇਲ ਹਾਦਸਾ : ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਡੂੰਘਾ ਦੁੱਖ ਪ੍ਰਗਟ ਕੀਤਾ

Saturday, Oct 20, 2018 - 01:23 PM (IST)

ਅੰਮ੍ਰਿਤਸਰ ਰੇਲ ਹਾਦਸਾ : ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਡੂੰਘਾ ਦੁੱਖ ਪ੍ਰਗਟ ਕੀਤਾ

ਓਟਾਵਾ/ਅੰਮ੍ਰਿਤਸਰ(ਏਜੰਸੀ)— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੰਮ੍ਰਿਤਸਰ 'ਚ ਦੁਸਹਿਰੇ ਵਾਲੀ ਸ਼ਾਮ ਵਾਪਰੇ ਦੁੱਖਦਾਈ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਟਰੂਡੋ ਨੇ ਟਵੀਟ ਕਰਦਿਆਂ ਲਿਖਿਆ,''ਭਾਰਤ ਦੇ ਸ਼ਹਿਰ ਅੰਮ੍ਰਿਤਸਰ 'ਚ ਵਾਪਰੇ ਹਾਦਸੇ ਨਾਲ ਸਾਨੂੰ ਡੂੰਘਾ ਦੁੱਖ ਪੁੱਜਾ ਹੈ, ਆਪਣਿਆਂ ਨੂੰ ਗੁਆ ਚੁੱਕੇ ਲੋਕਾਂ ਪ੍ਰਤੀ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ। ਕੈਨੇਡੀਅਨ ਲੋਕ ਅੱਜ ਰਾਤ ਨੂੰ ਆਪਣੇ ਦਿਲਾਂ 'ਚ ਤੁਹਾਨੂੰ ਯਾਦ ਕਰ ਰਹੇ ਹਨ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜ਼ਖਮੀ ਲੋਕ ਜਲਦੀ ਤੰਦਰੁਸਤ ਹੋ ਜਾਣ।''

PunjabKesari

ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਵੱਡੀ ਗਿਣਤੀ 'ਚ ਲੋਕ ਦੁਸਹਿਰਾ ਮਨਾਉਣ ਪੁੱਜੇ ਸਨ। ਰਾਵਣ ਸੜਦਾ ਵੇਖਣ ਲਈ ਰੇਲਵੇ ਪਟੜੀ 'ਤੇ ਖੜ੍ਹੇ ਲੋਕਾਂ 'ਤੇ ਟਰੇਨ ਚੜ੍ਹਨ ਨਾਲ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ ਤਾਂ ਜੌੜਾ ਫਾਟਕ 'ਤੇ ਇਹ ਹਾਦਸਾ ਵਾਪਰਿਆ। ਮੌਕੇ 'ਤੇ ਘੱਟ ਤੋਂ ਘੱਟ 300 ਲੋਕ ਮੌਜੂਦ ਸਨ, ਜੋ ਪਟੜੀਆਂ ਦੇ ਕੋਲ ਇਕ ਮੈਦਾਨ 'ਚ ਰਾਵਣ ਸੜਦਾ ਵੇਖ ਰਹੇ ਸਨ। ਜਾਣਕਾਰੀ ਮੁਤਾਬਕ ਪਟਾਕਿਆਂ ਦੀ ਆਵਾਜ਼ ਤੇਜ਼ ਹੋਣ ਕਾਰਨ ਉਥੇ ਮੌਜੂਦ ਲੋਕ ਟਰੇਨ ਦਾ ਹਾਰਨ ਨਹੀਂ ਸੁਣ ਸਕੇ ਅਤੇ ਇਹ ਘਟਨਾ ਵਾਪਰ ਗਈ।
ਇਸੇ ਸਾਲ ਜਦ ਟਰੂਡੋ ਆਪਣੇ ਪਰਿਵਾਰ ਸਮੇਤ ਭਾਰਤ ਫੇਰੀ 'ਤੇ ਆਏ ਸਨ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ।


Related News