ਸਿੱਧੂ ਜੋੜੇ ਦੇ ਹੱਕ 'ਚ ਬੋਲਣ 'ਤੇ ਸਿਆਸੀ ਹਲਕਿਆਂ 'ਚ ਛਿੜੀ ਨਵੀਂ ਚਰਚਾ

Tuesday, Oct 30, 2018 - 01:35 PM (IST)

ਸਿੱਧੂ ਜੋੜੇ ਦੇ ਹੱਕ 'ਚ ਬੋਲਣ 'ਤੇ ਸਿਆਸੀ ਹਲਕਿਆਂ 'ਚ ਛਿੜੀ ਨਵੀਂ ਚਰਚਾ

ਜਲੰਧਰ (ਬੁਲੰਦ)— ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਹੋਏ ਵੱਡੇ ਰੇਲ ਹਾਦਸੇ ਦੇ ਮਾਮਲੇ ਵਿਚ ਭਾਜਪਾ ਵੱਲੋਂ ਨਵਜੋਤ ਸਿੱਧੂ ਜੋੜੇ ਨੂੰ ਇਸ ਕੇਸ ਲਈ ਜ਼ਿੰਮੇਵਾਰ ਦੱਸੇ ਜਾਣ ਦੇ ਮਾਮਲੇ 'ਚ ਬੀਤੇ ਦਿਨ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਯੂ. ਪੀ. ਦੇ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ 'ਤੇ ਲੈਟਰ ਬੰੰਬ ਸੁੱਟਦਿਆਂ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ।

ਸ਼ਵੇਤ ਮਲਿਕ ਨੂੰ ਲਿਖੀ ਚਿੱਠੀ 'ਚ ਰਾਮੂਵਾਲੀਆ ਨੇ ਸਾਫ ਕਿਹਾ ਕਿ ਮਲਿਕ ਪੰਜਾਬ ਭਾਜਪਾ ਦੇ ਜ਼ਰੀਏ ਜਿਸ ਤਰ੍ਹਾਂ ਰੇਲ ਹਾਦਸੇ ਲਈ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਨੂੰ ਨਿਸ਼ਾਨਾ ਬਣਾ ਕੇ ਰਾਜਨੀਤੀ ਕਰ ਰਹੇ ਹਨ, ਉਹ ਸਰਾਸਰ ਗਲਤ ਹੈ। ਰਾਮੂਵਾਲੀਆ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਨਾਰਸ 'ਚ ਇਕ ਪੁਲ ਦਾ ਉਦਘਾਟਨ ਕੀਤਾ ਸੀ ਅਤੇ ਇਕ ਸਾਲ ਬਾਅਦ ਉਹ ਪੁਲ ਡਿਗਣ ਨਾਲ ਕਈ ਮੌਤਾਂ ਹੋਈਆਂ ਸਨ ਤਾਂ ਕੀ ਭਾਜਪਾ ਨੇ ਮੋਦੀ 'ਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਸੀ? ਉਨ੍ਹਾਂ ਕਿਹਾ ਕਿ ਸਾਰੇ ਕੇਸ 'ਚ ਸ਼ਵੇਤ ਮਲਿਕ ਵੱਖਰੇ ਪੈ ਜਾਣਗੇ ਅਤੇ ਆਖਿਰ 'ਚ ਉਨ੍ਹਾਂ ਦੀ ਪਾਰਟੀ ਉਨ੍ਹਾਂ ਦਾ ਸਾਥ ਛੱਡ ਦੇਵੇਗੀ। ਰਾਮੂਵਾਲੀਆ ਨੇ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਭਾਜਪਾ ਵੀ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਰਾਮੂਵਾਲੀਆ ਨੇ ਆਪਣੀ ਚਿੱਠੀ 'ਚ ਸ਼ਵੇਤ ਮਲਿਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਦੁਖਦ ਮਾਮਲੇ 'ਚ ਸਿਆਸਤ ਕਰਨ ਤੋਂ ਚੰਗਾ ਹੈ ਕਿ ਹਾਦਸੇ ਦੇ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ।

ਦੂਜੇ ਪਾਸੇ ਰਾਮੂਵਾਲੀਆ ਵੱਲੋਂ ਨਵਜੋਤ ਸਿੱਧੂ ਜੋੜੇ ਦੇ ਹੱਕ ਵਿਚ ਭਾਜਪਾ ਪੰਜਾਬ ਪ੍ਰਧਾਨ 'ਤੇ ਸੁੱਟੇ ਗਏ ਲੈਟਰ ਬੰਬ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਿਰ ਇਸ ਨੂੰ ਰਾਮੂਵਾਲੀਆ ਦੇ ਸਿੱਧੂ ਧੜੇ ਵੱਲ ਝੁਕਾਅ ਦੇ ਤੌਰ 'ਤੇ ਦੇਖ ਰਹੇ ਹਨ। ਰਾਮੂਵਾਲੀਆ ਨੂੰ ਖੁੱਲ੍ਹ ਕੇ ਸਿੱਧੂ ਦਾ ਬਚਾਅ ਕਰਨਾ ਵੀ ਸਾਬਤ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਰਾਮੂਵਾਲੀਆ ਸਿੱਧੂ ਨਾਲ ਕੋਈ ਸਟੇਜ ਸਾਂਝੀ ਕਰਦੇ ਦਿਖਾਈ ਦੇਣ।


Related News