ਪੰਜਾਬ ’ਚ ਵੱਡਾ ਸਿੱਖਿਆ ਸੰਕਟ, ਜਨਮ ਸਰਟੀਫਿਕੇਟ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ
Monday, Jul 20, 2026 - 06:30 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜਗਜੀਤ ਸਿੰਘ ਨੇ ਦਸਵੀਂ ’ਚ ਦਾਖਲਾ ਲੈਣਾ ਹੈ। ਉਸ ਦੀ ਜਨਮ ਮਿਤੀ 28 ਅਕਤੂਬਰ 2010 ਹੈ। ਉਸ ਦੇ ਡਿਜ਼ੀਟਲ ਜਨਮ ਸਰਟੀਫਿਕੇਟ ’ਚ ਉਸ ਦਾ ਨਾਂ ਦਰਜ ਨਹੀਂ। ਸਿਹਤ ਵਿਭਾਗ ਦੇ ਡਿਜ਼ੀਟਲ ਸਿਸਟਮ ’ਚ ਨਾਮ ਦਰਜ ਕਰਨ ਵਾਸਤੇ ਅਪਲਾਈ ਨਹੀਂ ਹੁੰਦਾ ਕਿਉਂਕਿ ਉਸ ਦੀ ਉਮਰ 14 ਸਾਲ ਤੋਂ ਉਪਰ ਹੋ ਗਈ। ਇਸ ਵਜ੍ਹਾ ਕਰ ਕੇ ਜਗਜੀਤ ਸਿੰਘ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਇਹੀ ਹਾਲ ਨੰਦਨੀ ਅਤੇ ਹੋਰ ਵਿਦਿਆਰਥੀਆਂ ਦਾ ਹੈ। ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਦੇ ਜਨਮ ਵੇਲੇ ਹਸਪਤਾਲ ਵਾਲਿਆਂ ਨੇ ਸਿਰਫ਼ ‘ਲੜਕਾ’ ਜਾਂ ‘ਲੜਕੀ’ ਲਿਖ ਕੇ ਰਜਿਸਟ੍ਰੇਸ਼ਨ ਕਰ ਦਿੱਤੀ। ਹੁਣ ਜਦੋਂ ਬੱਚਾ 15-16 ਸਾਲ ਦਾ ਹੋ ਕੇ ਉੱਚ ਕਲਾਸ ’ਚ ਦਾਖਲਾ ਲੈਣ ਲੱਗਾ ਹੈ ਤਾਂ ਸਰਕਾਰ ਕਹਿੰਦੀ ਹੈ ਕਿ ਨਾਂ ਦਰਜ ਨਹੀਂ ਹੋ ਸਕਦਾ। ਜੇ ਨਾਮ ਦਰਜ ਨਹੀਂ ਹੋਵੇਗਾ ਤਾਂ ਸਾਡੇ ਬੱਚੇ ਅੱਗੇ ਕਿਵੇਂ ਪੜ੍ਹਨਗੇ?
ਇਹ ਵੀ ਪੜ੍ਹੋ : 22 ਜੁਲਾਈ ਨੂੰ ਲੈ ਕੇ ਪੰਜਾਬ 'ਚ ਹੋਇਆ ਵੱਡਾ ਐਲਾਨ, 12 ਤੋਂ 3 ਵਜੇ ਤੱਕ...
ਪੰਜਾਬ ’ਚ ਅੱਠਵੀਂ ਜਮਾਤ ਤੋਂ ਲੈ ਕੇ ਉੱਚੇਰੀ ਸਿੱਖਿਆ (ਕਾਲਜਾਂ ਅਤੇ ਯੂਨੀਵਰਸਿਟੀਆਂ) ’ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਨਵੀਂ ਅਤੇ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ-ਕਾਲਜਾਂ ’ਚ ਦਾਖਲੇ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੂਬੇ ਦੇ ਹਜ਼ਾਰਾਂ ਬੱਚਿਆਂ ਦੇ ਜਨਮ ਸਰਟੀਫਿਕੇਟਾਂ ’ਚ ਉਨ੍ਹਾਂ ਦਾ ਖੁਦ ਦਾ ਨਾਂ ਹੀ ਦਰਜ ਨਹੀਂ ਹੈ, ਬਲਕਿ ਨਾਂ ਵਾਲੇ ਖਾਨੇ ’ਚ ਸਿਰਫ਼ ‘ਲੜਕਾ’ ਜਾਂ ’ਲੜਕੀ’ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ : 7 ਰੁਪਏ ਨੇ ਬਦਲੀ ਬੰਦੇ ਦੀ ਕਿਸਮਤ, ਕੁਝ ਘੰਟਿਆਂ 'ਚ ਬਣ ਗਿਆ ਲੱਖ ਪਤੀ
ਸਿਹਤ ਵਿਭਾਗ ਅਤੇ ਸੇਵਾ ਕੇਂਦਰਾਂ ਦੇ ਨਿਯਮਾਂ ਮੁਤਾਬਕ 14 ਸਾਲ ਦੀ ਉਮਰ ਤੋਂ ਬਾਅਦ ਜਨਮ ਸਰਟੀਫਿਕੇਟ ’ਚ ਨਾਮ ਦਰਜ ਕਰਨ ਵਾਲੀ ਐਪ/ਪੋਰਟਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ 14 ਸਾਲ ਤੋਂ ਉੱਪਰ ਹੋ ਚੁੱਕੇ ਬੱਚਿਆਂ ਦੇ ਨਾਂ ਸਰਟੀਫਿਕੇਟਾਂ ’ਚ ਚੜ੍ਹਨੇ ਬੰਦ ਹੋ ਗਏ ਹਨ। ਇਸ ਕਾਰਨ ਵਿਦਿਆਰਥੀਆਂ ਦੇ ਅਗਲੇ ਦਾਖਲੇ ਪੂਰੀ ਤਰ੍ਹਾਂ ਰੁਕ ਗਏ ਹਨ। ਸਿਹਤ ਵਿਭਾਗ ਦੀ ਵੈੱਬਸਾਈਟ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਨੋਟੀਫਿਕੇਸ਼ਨਾਂ ਅਨੁਸਾਰ, ਰਜਿਸਟ੍ਰੇਸ਼ਨ ਆਫ਼ ਬਰਥ ਐਂਡ ਡੈੱਥ ਐਕਟ ਦੀ ਧਾਰਾ 14 ਦੇ ਤਹਿਤ, ਜਨਮ ਤੋਂ 14 ਸਾਲ ਪੂਰੇ ਹੋਣ ਤੱਕ ਬੱਚੇ ਦਾ ਨਾਂ ਬਿਨਾਂ ਕਿਸੇ ਦੇਰੀ ਫੀਸ ਜਾਂ ਮਾਮੂਲੀ ਫੀਸ ਦੇ ਸਰਟੀਫਿਕੇਟ ’ਚ ਦਰਜ ਕਰਵਾਇਆ ਜਾ ਸਕਦਾ ਹੈ। ਸੇਵਾ ਕੇਂਦਰਾਂ ਦੇ ਸੂਤਰਾਂ ਅਤੇ ਸਿਹਤ ਵਿਭਾਗ ਦੇ ਆਨਲਾਈਨ ਪੋਰਟਲ ਤੋਂ ਮਿਲੇ ਵੇਰਵਿਆਂ ਮੁਤਾਬਕ, 14 ਸਾਲ ਦੀ ਉਮਰ ਟੱਪ ਚੁੱਕੇ ਬੱਚਿਆਂ ਦਾ ਨਾਂ ਡਿਜੀਟਲ ਸਿਸਟਮ ’ਚ ਦਰਜ ਕਰਨ ਵਾਲਾ ਲਿੰਕ/ਐਪਲੀਕੇਸ਼ਨ ਸਾਫਟਵੇਅਰ ਸਿਹਤ ਵਿਭਾਗ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਜਦੋਂ ਮਾਪੇ ਆਪਣੇ ਬੱਚਿਆਂ ਦਾ ਨਾਂ ਚੜ੍ਹਾਉਣ ਲਈ ਸੇਵਾ ਕੇਂਦਰਾਂ ’ਚ ਜਾਂਦੇ ਹਨ ਤਾਂ ਉੱਥੋਂ ਦਾ ਸਿਸਟਮ 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਹੀ ਨਹੀਂ ਕਰਦਾ। ਸੇਵਾ ਕੇਂਦਰਾਂ ਦੇ ਸਟਾਫ਼ ਦਾ ਕਹਿਣਾ ਹੈ ਕਿ ਪਿੱਛੋਂ ਪੋਰਟਲ ਬੰਦ ਹੋਣ ਕਰ ਕੇ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਜਾਰੀ ਹੋਏ ਨਿਰਦੇਸ਼
ਅੱਠਵੀਂ, ਦਸਵੀਂ, ਬਾਰ੍ਹਵੀਂ ਪਾਸ ਕਰ ਕੇ ਕਾਲਜਾਂ ਜਾਂ ਅਗਲੀਆਂ ਜਮਾਤਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਉਮਰ ਆਮ ਤੌਰ ’ਤੇ 14 ਸਾਲ ਤੋਂ ਉੱਪਰ ਹੁੰਦੀ ਹੈ। ਸਕੂਲ ਅਤੇ ਕਾਲਜ ਪ੍ਰਸ਼ਾਸਨ ਦਾਖਲੇ ਲਈ ਸਿਰਫ਼ ਆਨਲਾਈਨ/ਡਿਜੀਟਲ ਜਨਮ ਸਰਟੀਫਿਕੇਟ ਮੰਗ ਰਹੇ ਹਨ, ਜਿਸ ’ਤੇ ਵਿਦਿਆਰਥੀ ਦਾ ਸਹੀ ਨਾਂ ਦਰਜ ਹੋਵੇ। ਅਜਿਹਾ ਨਾ ਹੋਣ ਕਰ ਕੇ ਦਾਖਲਾ ਨਹੀਂ ਹੋਣਾ ’ਤੇ ਮਾਪੇ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ। ਲੋਕਾਂ ਦੀ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਹੈ ਕਿ ਸਿਹਤ ਵਿਭਾਗ ਦੇ ਪੋਰਟਲ ’ਤੇ 14 ਸਾਲ ਤੋਂ ਉੱਪਰ ਦੇ ਬੱਚਿਆਂ ਦੇ ਨਾਂ ਦਰਜ ਕਰਨ ਵਾਲੀ ਐਪ/ਲਿੰਕ ਨੂੰ ਤੁਰੰਤ ਦੁਬਾਰਾ ਚਾਲੂ ਕੀਤਾ ਜਾਵੇ ਅਤੇ ਸਕੂਲੀ ਰਿਕਾਰਡ ਅਤੇ ਆਧਾਰ ਕਾਰਡ ਨੂੰ ਅਧਾਰ ਮੰਨ ਕੇ ਜਨਮ ਸਰਟੀਫਿਕੇਟ ’ਚ ਨਾਂ ਦਰਜ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣੋਂ ਬਚ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
