ਰੇਲ ਮੰਤਰੀ ਨੇ ਦਿੱਤੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਦੇ ਆਦੇਸ਼ (ਵੀਡੀਓ)
Wednesday, Oct 24, 2018 - 12:44 PM (IST)
ਨਵੀਂ ਦਿੱਲੀ/ਜਲੰਧਰ— ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਦੀ ਜਾਂਚ ਦੇ ਆਦੇਸ਼ ਰੇਲ ਮੰਤਰੀ ਵੱਲੋਂ ਰੇਲਵੇ ਸੁਰੱਖਿਆ ਕਮਿਸ਼ਨ ਨੂੰ ਦਿੱਤੇ ਗਏ ਹਨ। ਇਸ ਦੀ ਜਾਣਕਾਰੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਤੀ। ਰੇਲ ਹਾਦਸੇ ਦੀ ਗੰਭੀਰਤਾ ਨੂੰ ਦੇਖਦਿਅਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਨੇ ਮੰਗਲਵਾਰ ਰੇਲ ਭਵਨ ਦਿੱਲੀ ’ਚ ਯੂਨੀਅਨ ਮਨਿਸਟਰ ਰੇਲਵੇ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਪੀਡ਼ਤ ਪਰਿਵਾਰਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਗੋਇਲ ਨੂੰ ਸਾਰਾ ਘਟਨਾਚੱਕਰ ਦੱਸਣ ਤੋਂ ਬਾਅਦ ਗੋਇਲ ਨੇ ਇਸ ਸਬੰਧੀ ਹਾਈ ਲੈਵਲ ਕਮੇਟੀ ਵੱਲੋਂ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਵਿਚ ਕਮਿਸ਼ਨਰ ਫਾਰ ਰੇਲਵੇ ਸੇਫਟੀ ਨੂੰ ਵੀ ਸਹਿਯੋਗ ਕਰਨ ਦੇ ਆਦੇਸ਼ ਦਿੱਤੇ। ਅੌਜਲਾ ਨੇ ਰੇਲ ਦੁਰਘਟਨਾ ਦੌਰਾਨ ਰੇਲਵੇ ਵੱਲੋਂ ਬਣਾਏ ਗਏ ਸਾਰੇ ਨਿਯਮਾਂ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ’ਚ ਦੁਰਘਟਨਾ ਕਰਨ ਵਾਲੀ ਟਰੇਨ ਦੀ ਰਫਤਾਰ, ਦੁਰਘਟਨਾ ਦੇ ਸਮੇਂ ਡਰਾਈਵਰ ਦੇ ਹਾਲਾਤ, ਰੇਲਵੇ ਗੇਟਮੈਨ ਦੀ ਭੂਮਿਕਾ ਤੇ ਹੋਰ ਪਹਿਲੂਆਂ ਦੀ ਵੀ ਜਾਂਚ ਮੰਗ ਕੀਤੀ ਹੈ।
ਵਰਣਨਯੋਗ ਹੈ ਕਿ ਜੌਡ਼ਾ ਫਾਟਕ ਟਰੇਨ ਹਾਦਸੇ ਤੋਂ ਬਾਅਦ ਰੇਲਵੇ ਅਥਾਰਟੀ ਨੇ ਟਰੇਨ ਦੇ ਡਰਾਈਵਰ ਤੇ ਹੋਰ ਕਰਮਚਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਜਦੋਂ ਕਿ ਇਸ ਮਾਮਲੇ ਦੀ ਪਹਿਲਾਂ ਪੂਰੀ ਜਾਂਚ ਹੋਣੀ ਚਾਹੀਦੀ ਸੀ। ਜੌਡ਼ਾ ਫਾਟਕ ਜਿਥੇ ਆਮ ਤੌਰ ’ਤੇ ਅੰਮ੍ਰਿਤਸਰ ਤੋਂ ਆਉਣ ਵਾਲੀਅਾਂ ਟਰੇਨਾਂ ਆਪਣੀ ਰਫਤਾਰ ਹੌਲੀ ਕਰ ਲੈਂਦੀਆ ਹਨ, ਉਥੇ ਹੀ ਦੁਰਘਟਨਾ ਨੂੰ ਅੰਜਾਮ ਦੇਣ ਵਾਲੀ ਟਰੇਨ ਦੀ ਸਪੀਡ ਇੰਨੀ ਜ਼ਿਆਦਾ ਕਿਵੇਂ ਹੋ ਗਈ ਕਿ 5 ਸਕਿੰਟਾਂ ਵਿਚ ਹੀ ਅਣਗਿਣਤ ਲੋਕਾਂ ਨੂੰ ਚੀਰ ਦਿੱਤਾ। ਦੁਰਘਟਨਾ ਤੋਂ 300 ਮੀਟਰ ਦੀ ਦੂਰੀ ’ਤੇ ਗੇਟਮੈਨ ਵੀ ਤਾਇਨਾਤ ਸੀ ਪਰ ਗੇਟਮੈਨ ਨੇ ਆਪਣੀ ਭੂਮਿਕਾ ਨਹੀਂ ਨਿਭਾਈ। ਇਹ ਸਭ ਸੁਲਗਦੇ ਸਵਾਲ ਹਨ, ਜਿਨ੍ਹਾਂ ਦੀ ਜਾਂਚ ਕੀਤੇ ਜਾਣ ਦੀ ਸਖ਼ਤ ਲੋਡ਼ ਹੈ।