ਅੰਮ੍ਰਿਤਸਰ ਰੇਲ ਹਾਦਸੇ 'ਤੇ ਵੱਡੇ ਬਾਦਲ ਨੇ ਸਿੱਧੂ ਪਰਿਵਾਰ ਨੂੰ ਠਹਿਰਾਇਆ ਜ਼ਿੰਮੇਵਾਰ, ਮੰਗਿਆ ਅਸਤੀਫਾ

Tuesday, Oct 23, 2018 - 01:24 PM (IST)

ਅੰਮ੍ਰਿਤਸਰ ਰੇਲ ਹਾਦਸੇ 'ਤੇ ਵੱਡੇ ਬਾਦਲ ਨੇ ਸਿੱਧੂ ਪਰਿਵਾਰ ਨੂੰ ਠਹਿਰਾਇਆ ਜ਼ਿੰਮੇਵਾਰ, ਮੰਗਿਆ ਅਸਤੀਫਾ

ਚੰਡੀਗੜ੍ਹ—  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅਕਾਲੀ-ਭਾਜਪਾ ਵਫਦ ਦੇ ਨਾਲ ਅੰਮ੍ਰਿਤਸਰ ਰੇਲ ਹਾਦਸੇ ਦੇ ਮੁੱਦੇ 'ਤੇ ਰਾਜਪਾਲ ਨੂੰ ਮਿਲ ਕੇ ਮੈਮੋਰੰਡਮ ਸੌਂਪਿਆ। ਇਸ ਦੌਰਾਨ ਸਿੱਧੂ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਜੇਕਰ ਚੀਫ ਗੈਸਟ ਨਵਜੋਤ ਕੌਰ ਸਿੱਧੂ ਸਮੇਂ 'ਤੇ ਆ ਜਾਂਦੀ ਤਾਂ ਇਹ ਹਾਦਸਾ ਨਹੀਂ ਹੋਣਾ ਸੀ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਜਿਸ ਸਥਾਨ 'ਤੇ ਸਮਾਗਮ ਰੱਖਿਆ ਗਿਆ ਸੀ, ਉਥੇ 300 ਤੋਂ ਵੱਧ ਲੋਕ ਖੜ੍ਹੇ ਨਹੀਂ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਥੇ ਪ੍ਰੋਗਰਾਮ ਕੀਤਾ ਗਿਆ ਹੈ ਤਾਂ ਸਿੱਧੂ ਦੀ ਰਾਏ ਤੋਂ ਬਿਨਾਂ ਨਹੀਂ ਕੀਤਾ ਗਿਆ। 

ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਈ. ਏ. ਐੱਸ ਅਫਸਰ ਨੂੰ ਹਾਦਸੇ ਦੀ ਜਾਂਚ ਸੌਂਪੀ ਗਈ ਹੈ ਪਰ ਸਰਕਾਰ 'ਚ ਰਹਿੰਦੇ ਹੋਏ ਉਹ ਆਈ. ਪੀ. ਐੱਸ. ਅਫਸਰ ਸਰਕਾਰ ਖਿਲਾਫ ਹੀ ਕਿਸ ਤਰ੍ਹਾਂ ਜਾਂਚ ਰਿਪੋਰਟ ਬਣਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰਾਂ ਦੇ ਨਾਲ ਕੋਈ ਦੁੱਖ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹੈ। ਇਸ ਮੌਕੇ ਰਾਜਪਾਲ ਨੂੰ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਇਸ ਹਾਦਸੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। 


ਕੈਪਟਨ ਦੇ ਵਿਦੇਸ਼ੀ ਦੌਰੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੰਨਾ ਵੱਡਾ ਹਾਦਸਾ ਹੋਣ 'ਤੇ ਕੈਪਟਨ ਅਮਰਿੰਦਰ ਸਿੰਘ ਇਜ਼ਰਾਇਲ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕੈਪਟਨ ਸੀਰੀਅਸ ਨਹੀਂ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਨੇ ਕੋਈ ਕਤਲ ਤਾਂ ਨਹੀਂ ਕੀਤਾ ਸੀ, ਸਗੋਂ ਉਨ੍ਹਾਂ 'ਤੇ ਧਾਰਾ 307 ਲਗਾ ਦਿੱਤੀ ਗਈ।


Related News