‘ਅੰਮ੍ਰਿਤਸਰ ਦੁਸਹਿਰੇ ਦੇ ਖੂਨੀ ਸਾਕਾ’ ਲਈ ਇਨਸਾਫ ਦੀ ਲੜਾਈ ਲੋਕਾਂ ਵਿਚ ਲੈ ਕੇ ਜਾਵਾਂਗੇ : ਸੁਖਬੀਰ, ਮਲਿਕ
Tuesday, Oct 23, 2018 - 07:53 AM (IST)
ਚੰਡੀਗੜ੍ਹ (ਬਿਊਰੋ)— ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕੋਆਰਡੀਨੇਸ਼ਨ ਪੈਨਲ ਨੇ ਬੀਤੇ ਦਿਨ ‘ਅੰਮ੍ਰਿਤਸਰ ਦੁਸਹਿਰੇ ਦਾ ਖੂਨੀ ਸਾਕਾ’ ਕੇਸ ਲਈ ਇਨਸਾਫ ਦੀ ਲੜਾਈ ਨੂੰ ਲੋਕਾਂ ਵਿਚ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਪੀੜਤਾਂ ਉੱਤੇ ਜ਼ੁਲਮ ਢਾਹ ਰਹੀ ਹੈ ਜਦਕਿ ਦੋਸ਼ੀ ਸਿੱਧੂ ਜੋੜੀ ਅਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਖੁੱਲ੍ਹੇਆਮ ਘੁੰਮ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਕੇਸ ਵਿਚ ਇਨਸਾਫ ਦੀ ਮੰਗ ਕਰ ਰਹੇ 50 ਗਰੀਬ ਵਿਅਕਤੀਆਂ ਖ਼ਿਲਾਫ ਸੈਕਸ਼ਨ 307 ਤਹਿਤ, ਜਿਸ ਵਿਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਦੁਸਹਿਰਾ ਦੇ ਭਿਆਨਕ ਹਾਦਸੇ ਦੇ ਸਬੰਧ ਵਿਚ ਚਾਰ ਅਣਪਛਾਤੇ ਲੋਕਾਂ ਖ਼ਿਲਾਫ ਸੈਕਸ਼ਨ 304-ਏ ਤਹਿਤ ਮਾਮੂਲੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ ਦੁਸਹਿਰੇ ਦੇ ਖੂਨੀ ਸਾਕੇ ਵਿਚ 61 ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਨੂੰ ਬਚਾਉਣ ਲਈ ਇਸ ਘਟਨਾ ਉੱਤੇ ਪਰਦਾ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਦਲ ਨੇ ਕਾਂਗਰਸੀ ਆਗੂਆਂ ਦੁਆਰਾ ਅੱਜ ਕੀਤੇ ਮੋਮਬੱਤੀ ਮਾਰਚ ਦੇ ਡਰਾਮੇ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਅਜਿਹਾ ਭਿਆਨਕ ਹਾਦਸਾ ਕਰਵਾਉਣ ਵਾਲੇ ਲੋਕ ਹੀ ਮੋਮਬੱਤੀ ਮਾਰਚ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੂਬੇ ਅੰਦਰ ਰਹਿਣ ਦੀ ਥਾਂ ਕੈਪਟਨ ਛੁੱਟੀਆਂ ਮਨਾਉਣ ਲਈ ਤੁਰਕੀ ਚਲਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਗਾਇਬ ਹੋਣ ਕਰਕੇ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਸੁਖਬੀਰ ਬਾਦਲ ਅਤੇ ਮਲਿਕ ਦੋਵਾਂ ਨੇ ਹੀ ਆਪ ਆਗੂ ਸੁਖਪਾਲ ਖਹਿਰਾ ਵੱਲੋਂ ਇਸ ਭਿਆਨਕ ਘਟਨਾ ਨੂੰ ‘ਛੋਟਾ ਹਾਦਸਾ’ ਕਹਿਣ ਲਈ ਉਸ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਖਹਿਰਾ ਨੇ ਆਪਣੇ ਦੋਸਤ ਨਵਜੋਤ ਸਿੱਧੂ ਨੂੰ ਬਚਾਉਣ ਲਈ ਇਹ ਬੇਰਹਿਮੀ ਭਰਿਆ ਬਿਆਨ ਦਿੱਤਾ ਹੈ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਅਕਾਲੀ-ਭਾਜਪਾ ਵਫ਼ਦ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇਗਾ ਅਤੇ ਗਰੀਬ ਪੀੜਤਾਂ ਲਈ ਇਨਸਾਫ ਦੀ ਮੰਗ ਕਰਨ ਤੋਂ ਇਲਾਵਾ ਮ੍ਰਿਤਕਾਂ ਲਈ ਇੱਕ ਕਰੋੜ ਰੁਪਏ ਅਤੇ ਜ਼ਖ਼ਮੀਆਂ ਲਈ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪੀੜਤਾਂ ਦੇ ਵਾਰਿਸਾਂ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਜਥੇਦਾਰ ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਜ਼ੀਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਬਲਦੇਵ ਸਿੰਘ ਮਾਨ, ਭਾਜਪਾ ਆਗੂ ਤਰੁਣ ਚੁੱਘ, ਮਦਨ ਮੋਹਨ ਮਿੱਤਲ, ਸੋਮ ਪ੍ਰਕਾਸ਼ ਗਰਗ, ਅਰੁਣ ਨਾਰੰਗ, ਰਾਕੇਸ਼ ਰਾਠੌੜ, ਦਿਆਲ ਸੋਢੀ, ਅਸ਼ਵਨੀ ਸ਼ਰਮਾ ਅਤੇ ਮਨੋਰੰਜਨ ਕਾਲੀਆ ਹਾਜ਼ਰ ਸਨ।