ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ
Friday, Aug 20, 2021 - 04:32 PM (IST)
ਜਲੰਧਰ/ਫਗਵਾੜਾ (ਮ੍ਰਿਦੁਲ,ਜਲੋਟਾ)— ਜਲੰਧਰ ’ਚ ਇੰਟੈਲੀਜੈਂਸ ਅਤੇ ਪੰਜਾਬ ਪੁਲਸ ਨੇ ਮਿਲ ਕੇ ਵੱਡੀ ਰੇਡ ਕੀਤੀ ਹੈ। ਪਤਾ ਲੱਗਾ ਹੈ ਕਿ ਗੜਾ ਰੋਡ ਸਥਿਤ ਇਕ ਵੱਡੇ ਹਸਪਤਾਲ ਦੇ ਕੋਲ ਰਹਿੰਦੇ ਇਕ ਵਿਅਕਤੀ ਦੇ ਘਰ ’ਚ ਰੇਡ ਕੀਤੀ ਗਈ ਹੈ। ਪੁਲਸ ਦੇ ਸੂਤਰਾਂ ਮੁਤਾਬਕ ਪਿਛਲੇ ਦਿਨੀਂ ਅੰਮ੍ਰਿਤਸਰ ’ਚ ਬਰਾਮਦ ਕੀਤੇ ਗਏ ਟਿਫਨ ਬੰਬ ਦੇ ਤਾਰ ਜਲੰਧਰ ਨਾਲ ਜੁੜੇ ਪਾਏ ਗਏ ਹਨ ਇਸ ਦੇ ਨਾਲ ਹੀ ਪਾਕਿਸਤਾਨ ਦਾ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼
ਮੌਕੇ ਤੋਂ ਬਰਾਮਦ ਹੋਏ 4 ਹੈਂਡ ਗ੍ਰੇਨੇਡ ਅਤੇ ਟਿਫਨ ਬੰਬ
ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੱਜ ਸਵੇਰੇ ਗੜ੍ਹਾ ਰੋਡ ’ਤੇ ਰਹਿੰਦੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕੀਤੀ ਅਤੇ ਉਸ ਦੇ ਬੇਟੇ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਵੱਲੋਂ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਦੇ ਹੋਏ ਦੋ ਮੁੱਖ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੌਕੇ ਤੋਂ ਪੁਲਸ ਨੂੰ ਚਾਰ ਹੈਂਡ ਗ੍ਰੇਨੇਡ, ਇਕ ਟਿਫਨ ਬੰਬ ਆਰ. ਡੀ. ਐੱਕਸ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਮੁਖ ਸਿੰਘ ਦਾ ਪਿਤਾ ਪਹਿਲਾਂ ਅੱਤਵਾਦੀ ਮਾਮਲਿਆਂ ’ਚ ਵਿਵਾਦਤ ਰਿਹਾ ਹੈ। ਹਾਲ ਹੀ ’ਚ ਇਨ੍ਹਾਂ ਦੇ ਘਰ ’ਤੇ ਐੱਨ. ਆਈ. ਏ. ਨੇ ਵੀ ਨੋਟਿਸ ਭੇਜਿਆ ਸੀ। ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ’ਚ ਜੋ ਟਿਫਨ ਬੰਬ ਮਿਲਿਆ ਸੀ, ਉਨ੍ਹਾਂ ’ਚ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਸੀ, ਜਿਨ੍ਹਾਂ ਨੇ ਜਲੰਧਰ ਦੇ ਇਸ ਨੌਜਵਾਨ ਦਾ ਨਾਂ ਲਿਆ ਸੀ।
ਇਕ ਪ੍ਰੈਸ ਰਿਲੀਜ਼ ਵਿੱਚ ਵੇਰਵੇ ਦਿੰਦਿਆਂ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਪੂਰਥਲਾ ਪੁਲਸ ਨੇ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ 73-ਬੀ, ਗਲੀ ਨੰਬਰ 02 ਗੁਰੂਨਾਨਕ ਪੁਰਾ ਫਗਵਾੜਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਗਗਨ ਨੇ ਖ਼ੁਲਾਸਾ ਕੀਤਾ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ ਪਿਸਤੌਲ ਹਥਿਆਰਾਂ ਦੀ ਵੱਡੀ ਖੇਪ ਦਾ ਹਿੱਸਾ ਸੀ, ਜੋ ਕਿ ਸਰਹੱਦ ਪਾਰੋਂ ਪਿਛਲੇ ਕੁਝ ਮਹੀਨਿਆਂ ਵਿੱਚ ਡਰੋਨ ਰਾਹੀਂ ਭੇਜੀ ਗਈ ਸੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਖੇਪ ਦਾ ਵੱਡਾ ਹਿੱਸਾ ਜਲੰਧਰ ਦੇ ਗੁਰਮੁਖ ਸਿੰਘ ਨੇ ਲੁਕਾਇਆ ਸੀ।
ਇਹ ਵੀ ਪੜ੍ਹੋ: ਜਲੰਧਰ: ਹੁਣ ਜੇਲ੍ਹ ’ਚੋਂ ਨਵੇਂ ਨਾਂ ਨਾਲ ਚਲਾਇਆ ਜਾ ਰਿਹੈ ਸਪਾ ਸੈਂਟਰ, ਖੇਡੀ ਜਾ ਰਹੀ ਫਿਰ ਪੁਰਾਣੀ ਗੰਦੀ ਖੇਡ!
ਪੁਲਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤੁਰੰਤ ਗੁਰਮੁਖ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ 2 ਜ਼ਿੰਦਾ ਹੈਂਡ ਗ੍ਰਨੇਡ, 1 ਡੈਟੋਨੇਟਰ ਦਾ ਡੱਬਾ, 2 ਐਕਸ ਟਿਊਬ, ਇਕ ਉੱਚ ਵਿਸਫੋਟਕ ਪੀਲੀ ਤਾਰ , 3.75 ਲੱਖ ਰੁਪਏ ਲਗਭਗ ਭਾਰਤੀ ਕਰੰਸੀ ਬਰਾਮਦ ਕੀਤੀ। ਇਸ ਦੇ ਨਾਲ ਹੀ ਇਕ ਲਾਇਸੈਂਸਸ਼ੁਦਾ ਹਥਿਆਰ, 14 ਭਾਰਤੀ ਪਾਸਪੋਰਟ, ਇਕ ਪਿਸਤੌਲ, 2 ਮੈਗਜ਼ੀਨਾਂ ਸਮੇਤ, 5 ਜ਼ਿੰਦਾ ਗੋਲ਼ੀਆਂ ਉਸ ਪਾਸੋਂ ਬਰਾਮਦ ਕੀਤੀਆਂ। ਉਨ੍ਹਾਂ ਅੱਗੇ ਖ਼ੁਲਾਸਾ ਕੀਤਾ ਕਿ ਇਕ ਜ਼ਿੰਦਾ ਟਿਫਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਬੱਸ ਸਟੈਂਡ ਜਲੰਧਰ ਦੇ ਨੇੜੇ ਉਸ ਦੇ ਦਫ਼ਤਰ ਵਿੱਚ ਲੁਕਾਈ ਹੋਈ ਸੀ। ਪੁਲਸ ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਦਫ਼ਤਰ 'ਤੇ ਛਾਪਾ ਮਾਰਿਆ ਅਤੇ ਤਲਾਸ਼ੀ ਦੌਰਾਨ ਉਥੋਂ 3 ਜ਼ਿੰਦਾ ਹੈਂਡ ਗ੍ਰੇਨੇਡ, 1 ਟਿਫਨ ਬੰਬ, 4 ਪਿਸਤੌਲ ਮੈਗਜ਼ੀਨ ਅਤੇ ਪੈਕੇਜਿੰਗ ਸਮਗਰੀ ਬਰਾਮਦ ਕੀਤੀ।
ਹੁਣ ਤੱਕ ਕੀਤੀ ਗਈ ਮੁੱਢਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖੇਪ ਆਈ. ਐੱਸ. ਆਈ. ਐੱਫ. ਅਤੇ ਪਾਕਿਸਤਾਨ ਆਧਾਰਿਤ ਖ਼ਾਲਿਸਤਾਨ ਪੱਖੀ ਅੱਤਵਾਦੀ ਸਮੂਹਾਂ ਦੁਆਰਾ ਭੇਜੀ ਗਈ ਇਕ ਵੱਡੀ ਖੇਪ ਦਾ ਹਿੱਸਾ ਸੀ, ਜਿਸ ਵਿੱਚ ਆਈ. ਐੱਸ. ਵਾਈ. ਐੱਫ. ਵੀ ਸ਼ਾਮਲ ਸੀ, ਜੋ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਵਿੱਚ ਪੰਜਾਬ ਵਿੱਚ ਕਈ ਅੱਤਵਾਦੀ ਹਮਲੇ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨਾ। ਇਸ ਸਬੰਧ ਵਿੱਚ, ਕਪੂਰਥਲਾ ਪੁਲਸ ਨੇ ਗੁਰਮੁਖ ਸਿੰਘ ਅਤੇ ਗਗਨਦੀਪ ਸਿੰਘ ਦੇ ਵਿਰੁੱਧ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967, ਦੀ ਧਾਰਾ 13,16,17,18,18B, 20, ਵਿਸਫੋਟਕ ਪਦਾਰਥ (ਸੋਧ) ਐਕਟ, 2001 ਦੇ 4,5 ਅਤੇ ਅਸਲਾ ਐਕਟ ਦੇ 25,27,54, 59 ਦੇ ਤਹਿਤ ਐੱਫ. ਆਈ. ਆਰ. ਨੰਬਰ 92 ਮਿਤੀ 20/08/2021 ਥਾਣਾ ਸਦਰ, ਫਗਵਾੜਾ ਵਿਖੇ ਦਰਜ ਕੀਤੀ ਹੈ।
8 ਅਗਸਤ ਨੂੰ ਅਮ੍ਰਿਤਸਰ (ਦਿਹਾਤੀ) ਪੁਲਸ ਨੇ ਪਿੰਡ ਡਾਲੇਕੇ, ਥਾਣਾ ਲੋਪੋਕੇ ਤੋਂ ਇਕ ਅਜਿਹਾ ਹੀ ਦਿੱਖਣ ਵਾਲਾ ਆਧੁਨਿਕ ਟਿਫਨ ਬੰਬ ਵੀ ਬਰਾਮਦ ਕੀਤਾ ਸੀ। ਇਸ ਟਿਫਨ ਬੰਬ ਵਿੱਚ ਆਰ. ਡੀ. ਐੱਕਸ. ਸਥਾਪਤ ਕੀਤਾ ਗਿਆ ਸੀ ਅਤੇ ਇਸ ਵਿੱਚ 3 ਵੱਖੋ-ਵੱਖਰੇ ਟਰਿੱਗਰ ਵਿਧੀ ਸਨ, ਜਿਨ੍ਹਾਂ ਵਿੱਚ ਸਵਿਚ, ਚੁੰਬਕੀ ਅਤੇ ਕਾਰਜਸ਼ੀਲ ਲਚਕਤਾ ਲਈ ਸਪਰਿੰਗ ਸ਼ਾਮਲ ਸਨ। ਉਪਰੋਕਤ ਮਾਮਲੇ ਦੀ ਹੋਰ ਪੜਤਾਲ ਜਾਰੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਬਿਧੀਪੁਰ ਫਾਟਕ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਔਰਤਾਂ ਸਮੇਤ 3 ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।