ਭਗਵੰਤ ਮਾਨ ਹਰ ਇਕ ਘੰਟੇ ਬਾਅਦ ਖਾਂਦਾ ਹੈ ਕਸਮ : ਸੁਖਬੀਰ (ਵੀਡੀਓ)

Tuesday, Jan 22, 2019 - 03:48 PM (IST)

ਅੰਮ੍ਰਿ੍ਰਤਸਰ (ਸੁਮਿਤ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਜਿੱਥੇ ਉਨ੍ਹਾਂ ਵਲੋਂ ਰੱਖੇ ਗਏ ਸ੍ਰੀ ਅਖੰਡ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਈ ਹਲਕਿਆਂ ਦਾ ਦੌਰਾ ਕਰ ਰਹੇ ਹਨ, ਜਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸ ਸਰਕਾਰ ਵਲੋਂ ਕਈ ਲੋਕਾਂ ਦੇ ਖਿਲਾਫ ਨਾਜਾਇਜ਼ ਤੌਰ 'ਤੇ ਮਾਮਲੇ ਦਰਜ ਕੀਤੇ ਗਏ ਹਨ। ਅਜਿਹਾ ਕਰਕੇ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਜੋ ਕਦੇ ਨਹੀਂ ਹੋ ਸਕਦਾ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ।

ਉਨ੍ਹਾਂ ਇਸ ਮੌਕੇ ਦਾਅਵਾ ਕੀਤਾ ਕਿ ਹੁਣ ਕਾਂਗਰਸ ਦੀ ਸਰਕਾਰ ਨਹੀਂ ਰਹੇਗੀ, ਕਿਉਂਕਿ ਅਕਾਲੀ ਦਲ ਦੀ ਸਰਕਾਰ ਆਉਣ ਨਾਲ ਇਕ ਅਜਿਹੀ ਕਮੇਟੀ ਬਣਾਈ ਜਾਵੇਗੀ, ਜੋ ਇਨ੍ਹਾਂ ਸਾਰੇ ਝੂਠੇ ਮਾਮਲਿਆਂ ਦੀ ਜਾਂਚ ਕਰੇਗੀ। ਬਰਨਾਲਾ ਦੀ ਰੈਲੀ 'ਚ ਭਗਵੰਤ ਮਾਨ ਦੀ ਸ਼ਰਾਬ ਛੱਡਣ ਦੀ ਕਸਮ 'ਤੇ ਉਨ੍ਹਾਂ ਟਿੱਪਣੀ ਕੀਤੀ ਕਿ ਉਹ ਹਰ ਇਕ ਘੰਟੇ ਬਾਅਦ ਕਸਮ ਖਾਂਦਾ ਹੈ ਅਤੇ ਉਹ ਆਪਣੀਆਂ ਕਸਮਾਂ ਤੋੜ ਵੀ ਸਕਦਾ ਹੈ। ਬਰਗਾੜੀ ਮੋਰਚੇ ਦੀ ਜਲਦ ਹੋ ਰਹੀ ਸ਼ੁਰੂਆਤ ਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਪੈਸੇ ਇਕੱਠੇ ਕਰਨ ਦਾ ਇਕ ਸਾਧਨ ਹੈ। ਇਕੱਠੇ ਕੀਤੇ ਪੈਸੇ ਖਰਚ ਹੋ ਗਏ ਹਨ, ਜਿਸ ਕਾਰਨ ਇਸ ਮੋਰਚੇ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।


author

rajwinder kaur

Content Editor

Related News