ਅਕਾਲੀ ਦਲ ਸਮੇਂ ਨਹੀਂ, ਕਾਂਗਰਸ ਵੇਲੇ ਹੋਏ ਫਰਜ਼ੀ ਐਨਕਾਊਂਟਰ : ਸੁਖਬੀਰ

06/23/2019 10:54:19 AM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਧਰਮ ਪਤਨੀ ਅਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬੇਟਾ ਅਨੰਤਬੀਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁ. ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਧੁਰ ਕੀ ਬਾਣੀ ਦੇ ਕੀਰਤਨ ਕੀਤੇ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਲਿਆ।

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਰਜੀਤ ਸਿੰਘ ਦਾ ਫਰਜ਼ੀ ਐਨਕਾਊਂਟਰ ਕਰਨ ਵਾਲੇ ਪੁਲਸ ਅਫ਼ਸਰਾਂ ਦੀ ਫਾਈਲ 'ਤੇ ਜੇਕਰ ਮੇਰੇ ਦਸਤਖ਼ਤ ਹੋਣ ਤਾਂ ਮੈਂ ਜਵਾਬਦੇਹ ਹਾਂ। ਮੈਂ ਗ੍ਰਹਿ ਮੰਤਰੀ ਸੀ, ਜੇਲ ਮੰਤਰੀ ਨਹੀਂ। ਉਸ ਸਮੇਂ ਕੋਡ ਆਫ ਕੰਡਕਟ ਲੱਗ ਗਿਆ ਸੀ ਤੇ ਗਵਰਨਰ ਨੇ ਫਾਈਲ ਮੰਗੀ ਸੀ। ਉਨ੍ਹਾਂ ਕਿਹਾ ਕਿ ਜਿੰਨੇ ਵੀ ਫ਼ਰਜ਼ੀ ਐਨਕਾਊਂਟਰ ਹੋਏ, ਕਾਂਗਰਸ ਦੇ ਸਮੇਂ ਹੋਏ, ਨਾ ਕਿ ਅਕਾਲੀ ਦਲ ਸਮੇਂ। ਬੇਅਦਬੀ ਦਾ ਮਾਮਲਾ ਵੀ ਮਹਿਜ਼ ਚੋਣਾਂ ਨੂੰ ਲੈ ਕੇ ਡਰਾਮਾ ਸੀ। ਜਿਸ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ, ਟੈਂਕਾਂ ਨਾਲ ਹਮਲਾ ਕਰਵਾਇਆ ਅਤੇ ਹੋਰ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਅੱਗ ਲਵਾਈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੀ ਇਨਸਾਫ਼ ਦੇਵੇਗੀ।

ਉਨ੍ਹਾਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਸ਼੍ਰੋਮਣੀ ਕਮੇਟੀ ਨੇ ਸਬ-ਕਮੇਟੀ ਬਣਾਈ ਹੈ, ਬਹੁਤ ਜਲਦ ਉਸ ਦੀ ਰਿਪੋਰਟ ਆ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੰਡਣੇ ਮੁੱਖ ਮੰਤਰੀ ਦਾ ਅਧਿਕਾਰ ਹੈ, ਜੇ ਸਿੱਧੂ ਨੇ ਕੰਮ ਕਰਨਾ ਹੈ ਤਾਂ ਠੀਕ ਹੈ, ਨਹੀਂ ਤਾਂ ਅਸਤੀਫ਼ਾ ਦੇਵੇ ਤੇ ਸਰਕਾਰੀ ਗੱਡੀ ਛੱਡੇ। ਪਟਿਆਲੇ ਦੀ ਨਾਭਾ ਜੇਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਵਿਚਾਰ ਅਧੀਨ ਕੈਦੀ ਮਹਿੰਦਰਪਾਲ ਬਿੱਟੂ ਦੇ ਕਤਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿਸੇ ਨੇ ਭਾਵੁਕ ਹੋ ਕੇ ਕਤਲ ਕੀਤਾ ਹੋਵੇ, ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਟਾ-ਦਾਲ ਤੇ ਨੀਲੇ ਕਾਰਡ ਬੰਦ ਕਰ ਕੇ ਜੋ ਸਮਾਰਟ ਕਾਰਡ ਦਿੱਤੇ ਜਾ ਰਹੇ ਹਨ, ਉਹ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ 'ਚ ਬੁਲਵਾ ਕੇ ਜਿਨ੍ਹਾਂ ਕਾਂਗਰਸ ਨੂੰ ਵੋਟ ਪਾਈ ਹੈ, ਨੂੰ ਦਿੱਤੇ ਜਾ ਰਹੇ ਹਨ।


Baljeet Kaur

Content Editor

Related News