ਡੇਰਾ ਸਾਧ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਬਾਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ

Wednesday, Jul 15, 2020 - 12:48 PM (IST)

ਡੇਰਾ ਸਾਧ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਬਾਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ

ਅੰਮ੍ਰਿਤਸਰ (ਅਨਜਾਣ) : ਅਕਾਲੀ ਦਲ ਬਾਦਲ ਵਲੋਂ ਵੋਟਾਂ ਬਦਲੇ ਡੇਰਾ ਸਾਧ ਨੂੰ ਦਿੱਤੀ ਮੁਆਫ਼ੀ ਡੇਰਾ ਪ੍ਰੇਮੀਆਂ ਵਲੋਂ ਹਲਫ਼ੀਆ ਬਿਆਨ ਦੇਣ ਤੋਂ ਬਾਅਦ ਜੱਗ ਜ਼ਾਹਿਰ ਹੋ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਵਲੋਂ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਹਮੇਸ਼ਾਂ ਪੰਥਕ ਤੇ ਪੰਥ ਹਿਤੈਸ਼ੀ ਅਖਵਾਉਣ ਵਾਲੇ ਅਕਾਲੀ ਦਲ ਦੀ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ। ਇਸ ਤੋਂ ਅੱਗੇ ਹੋਰ ਕੋਈ ਸਬੂਤ ਨਹੀਂ ਰਹਿ ਜਾਂਦਾ ਜਦ ਡੇਰਾ ਪ੍ਰੇਮੀਆਂ ਵਲੋਂ ਮੀਟਿੰਗ ਸੱਦ ਕੇ ਪੂਰੇ ਮੀਡੀਆ ਸਾਹਮਣੇ ਇਹ ਆਖ ਦਿੱਤਾ ਗਿਆ ਹੈ ਕਿ 2017 'ਚ ਅਕਾਲੀ ਦਲ ਨਾਲ ਵੋਟਾਂ ਦੇ ਹੋਏ ਸਮਝੌਤੇ ਉਪਰੰਤ ਅਸੀਂ ਅਕਾਲੀ ਦਲ ਨਾਲ ਸਾਂਝੇ ਗੁਨਾਹਗਾਰ ਹਾਂ। 

ਇਹ ਵੀ ਪੜ੍ਹੋਂ : ਪੈਲੇਸ 'ਚ ਪਾਰਟੀ ਪਈ ਮਹਿੰਗੀ, ਮਹਿਮਾਨਾਂ ਤੇ ਪੈਲੇਸ ਮਾਲਕ 'ਤੇ ਪਰਚਾ

ਉਕਤ ਤਿੰਨਾਂ ਨੇਤਾਵਾਂ ਨੇ ਕਿਹਾ ਕਿ ਸੌਦਾ ਸਾਧ ਦੇ ਉਸ ਗੁਨਾਹ ਨੂੰ ਛੁਪਾਉਣ ਲਈ ਅਕਾਲੀ ਦਲ ਨੇ 'ਤੁਮ ਮੁਝੇ ਵੋਟ ਦੋ, ਮੈਂ ਤੁਝੇ ਮੁਆਫ਼ੀ ਦਿਲਵਾਊਂਗਾ' ਦਾ ਡਰਾਮਾ ਰਚ ਕੇ ਪਹਿਲਾਂ ਸੌਦਾ ਸਾਧ ਨੂੰ ਜ਼ਬਰੀ ਜਥੇਦਾਰਾਂ ਵਲੋਂ ਮੁਆਫ਼ੀ ਮੰਗਵਾਈ ਤੇ ਫੇਰ ਸੌਦਾ ਸਾਧ ਦੀ ਫਿਲਮ ਰਿਲੀਜ਼ ਕਰਵਾਈ। ਸ਼੍ਰੋਮਣੀ ਕਮੇਟੀ ਦਾ 95 ਲੱਖ ਰੁਪਈਆਂ ਇਸ਼ਤਿਹਾਰਾਂ 'ਤੇ ਸੌਧਾ ਸਾਧ ਦੀ ਮੁਆਫ਼ੀ ਨੂੰ ਜੱਗ ਜ਼ਾਹਿਰ ਕਰਨ 'ਤੇ ਉਜਾੜਿਆ। ਖਾਲਸਾ, ਮਾਹਲ ਤੇ ਵਰਪਾਲ ਨੇ ਕਿਹਾ ਕਿ ਕੀ ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਦਲਾਂ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਅਕਾਲੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕਰਕੇ ਪੰਥ 'ਚੋਂ ਛੇਕਣਗੇ ਜਾਂ ਫੇਰ ਦੂਸਰੇ ਜਥੇਦਾਰਾਂ ਵਾਂਗ ਯੈੱਸ. ਮੈਨ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ। ਇਹ ਸਿੱਖਾਂ ਦੀ ਨਿਆਂਇਕ ਅਦਾਲਤ ਹੈ ਪਰ ਜੇਕਰ ਅਦਾਲਤ ਦਾ ਜੱਜ ਹੀ ਫ਼ੈਸਲਾ ਕਰਨ ਦੇ ਅਸਮਰੱਥ ਹੋ ਜਾਵੇ ਤਾਂ ਇਸ ਨਾਲ ਕੌਮ ਦੇ ਮਨਾ ਨੂੰ ਭਾਰੀ ਠੇਸ ਪੁੱਜਦੀ ਹੈ। ਉਨ੍ਹਾਂ ਸਮੁੱਚੀਆਂ ਜਥੇਬੰਦੀਆਂ ਨੂੰ ਲਾਮਬੰਦ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਾਦਲਾਂ ਨੂੰ ਤਲਬ ਕਰਨ ਦੀ ਅਪੀਲ ਕਰਨ ਲਈ ਬੇਨਤੀ ਕੀਤੀ।

ਇਹ ਵੀ ਪੜ੍ਹੋਂ : ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਰਿਕਾਰਡ ਕੀਤਾ ਗਿਆ ਸੀਲ, ਜਾਣੋ ਵਜ੍ਹਾ


author

Baljeet Kaur

Content Editor

Related News