ਸਿੱਖ ਸਦਭਾਵਨਾ ਦਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੈਰ-ਗੁਰਮਤਿ ਕੰਮ ਬੰਦ ਨਾ ਕਰਨ 'ਤੇ ਵਿਰੋਧ ਦੀ ਚਿਤਾਵਨੀ
Saturday, Jul 27, 2019 - 11:01 AM (IST)

ਅੰਮ੍ਰਿਤਸਰ (ਮਮਤਾ, ਸੁਮਿਤ ਖੰਨਾ) : ਹਜ਼ੂਰੀ ਕੀਰਤਨੀਏ ਅਤੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੈਰ-ਗੁਰਮਤਿ ਕੰਮ ਬੰਦ ਨਾ ਕੀਤੇ ਤਾਂ ਆਉਣ ਵਾਲੇ ਸਮੇਂ 'ਚ ਉਨ੍ਹਾਂ ਨੂੰ ਵੱਡੇ ਪੱਧਰ 'ਤੇ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨਾਂ ਦੌਰਾਨ ਸੰਗਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।ਇਸ ਸਬੰਧੀ ਵਡਾਲਾ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਗਾਇਕ ਸੁਖਵਿੰਦਰ ਸੁੱਖੀ ਦੇ ਗਾਏ ਸ਼ਬਦ ਦੀ ਕੈਸੇਟ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼ ਕਰਨ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚਲੇ ਗੁਰਦੁਆਰਾ ਅੰਬ ਸਾਹਿਬ ਦੀ ਹਦੂਦ ਅੰਦਰ ਨਗਰ ਕੀਰਤਨ 'ਚ ਭੰਗੜਾ ਕਲਾਕਾਰਾਂ ਵਲੋਂ ਬੋਲੀਆਂ ਤੇ ਭੰਗੜਾ ਪਾਉਣ ਸਬੰਧੀ ਸਵਾਲ ਚੁੱਕੇ ਹਨ। ਭਾਈ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਹੋਰ ਸਿੱਖ ਅਦਾਰੇ ਜਿਨ੍ਹਾਂ 'ਤੇ ਬਾਦਲ ਦਲ ਦਾ ਅਸਿੱਧੇ ਤੌਰ 'ਤੇ ਕਬਜ਼ਾ ਹੈ, ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਦੀ ਆੜ 'ਚ ਗੰਧਲਾ ਸੱਭਿਆਚਾਰ ਪਰੋਸ ਦਿੱਤਾ ਜਾਵੇ ਤਾਂ ਜੋ ਆਮ ਸਿੱਖ ਅਜਿਹੇ ਗੁਰਮਤਿ ਵਿਰੋਧੀ ਕੰਮਾਂ ਨੂੰ ਗੁਰਮਤਿ ਹੀ ਸਮਝਣ ਲੱਗ ਪਵੇ।
ਉਨ੍ਹਾਂ ਦੱਸਿਆ ਕਿ ਹਾਲਾਤ ਇਹ ਹੋ ਗਏ ਹਨ ਕਿ ਹੁਣ ਗੁਰਦੁਆਰਿਆਂ 'ਚ ਡਾਂਸ ਤੇ ਭੰਗੜੇ ਦੀਆਂ ਕਲਾਸਾਂ ਲੱਗ ਰਹੀਆਂ ਹਨ। ਇਹੀ ਕਾਰਨ ਹੈ ਕਿ ਬਾਦਲ ਸਰਕਾਰ ਨੇ ਆਪਣੇ ਰਾਜ ਸਮੇਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੀ ਥਾਂ ਵਿਰਾਸਤੀ ਸ਼ਹਿਰ ਐਲਾਨਿਆ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਅਖੌਤੀ ਪੰਜਾਬੀ ਸੱਭਿਆਚਾਰ ਨੂੰ ਪ੍ਰਚਾਰਨ ਵਾਲੇ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਸ਼ਬਦ ਗਵਾ ਕੇ ਉਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਭਾਈ ਵਡਾਲਾ ਨੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਕੀ ਸ਼੍ਰੋਮਣੀ ਕਮੇਟੀ ਕੋਲ ਇਕ ਵੀ ਅਜਿਹਾ ਰਾਗੀ ਸਿੰਘ ਨਹੀਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 'ਸੁੱਖੀ ਗਾਇਕ' ਨਾਲੋਂ ਵਧੀਆ ਗਾ ਸਕਦਾ ਹੋਵੇ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗਾਇਕ ਤੋਂ ਸ਼ਬਦ ਰਿਲੀਜ਼ ਕਰਵਾ ਕੇ ਸ਼੍ਰੋਮਣੀ ਰਾਗੀਆਂ ਦੇ ਹੁਨਰ ਨੂੰ ਵੀ ਕਟਹਿਰੇ 'ਚ ਖੜ੍ਹਾ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਰਾਗੀ ਸਿੰਘਾਂ ਨੂੰ ਇਸ ਦਾ ਵਿਰੋਧ ਕਰਨ ਦੀ ਅਪੀਲ ਵੀ ਕੀਤੀ।