ਹਿਮਾਚਲ ਪੁੱਜਾ ਨਾਨਕ ਦੇ ਨਨਕਾਣੇ ਤੋਂ ਆਇਆ ਨਗਰ ਕੀਰਤਨ, ਇਸ ਦਿਨ ਪਰਤੇਗਾ ਪੰਜਾਬ

Wednesday, Aug 14, 2019 - 05:40 PM (IST)

ਹਿਮਾਚਲ ਪੁੱਜਾ ਨਾਨਕ ਦੇ ਨਨਕਾਣੇ ਤੋਂ ਆਇਆ ਨਗਰ ਕੀਰਤਨ, ਇਸ ਦਿਨ ਪਰਤੇਗਾ ਪੰਜਾਬ

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ 3 ਸਤੰਬਰ ਤੋਂ ਲੈ ਕੇ 14 ਅਕਤੂਬਰ ਤੱਕ ਦੇ ਰੂਟ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਅਗਸਤ ਮਹੀਨੇ ਤੱਕ ਦਾ ਰੂਟ ਬਣਾਇਆ ਗਿਆ ਸੀ, ਜਦਕਿ ਨਗਰ ਕੀਰਤਨ ਦੀ ਰਫਤਾਰ ਘਟਣ ਕਾਰਨ ਹੁਣ ਉਸ ਤੋਂ ਅੱਗੇ 1 ਸਤੰਬਰ ਦੀ ਬਜਾਏ 3 ਸਤੰਬਰ ਤੋਂ ਰੂਟ ਬਣਾਇਆ ਗਿਆ ਹੈ। 

ਦੱਸ ਦਈਏ ਕਿ ਸੰਗਤੀ ਉਤਸ਼ਾਹ ਕਾਰਨ ਨਗਰ ਕੀਰਤਨ ਹਰ ਪੜਾਅ 'ਤੇ ਲਗਭਗ 72 ਘੰਟੇ ਦੇ ਫਰਕ ਨਾਲ ਪੁੱਜ ਰਿਹਾ ਹੈ। ਸ਼੍ਰੋਮਣੀ ਕਮੇਟੀ ਦਫਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਇਸ ਸਬੰਧੀ ਹੋਈ ਇਕੱਤਰਤਾ ਦੌਰਾਨ ਜਿਥੇ ਨਗਰ ਕੀਰਤਨ ਲਈ ਦਿਖਾਏ ਭਰਵੇਂ ਉਤਸ਼ਾਹ ਲਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਨਗਰ ਕੀਰਤਨ ਦੇ ਪ੍ਰਬੰਧਾਂ ਅਤੇ ਸਵਾਗਤੀ ਤਿਆਰੀਆਂ ਲਈ ਹਰ ਰਾਜ ਅੰਦਰ ਕੋਆਰਡੀਨੇਟਰ ਹੋਵੇਗਾ। ਭਾਈ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਣਾਏ ਗਏ ਰੂਟ ਅਨੁਸਾਰ ਨਗਰ ਕੀਰਤਨ ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ 14 ਅਕਤੂਬਰ ਨੂੰ ਮੁੜ ਪੰਜਾਬ 'ਚ ਪ੍ਰਵੇਸ਼ ਕਰੇਗਾ। 14 ਅਕਤੂਬਰ ਨੂੰ ਰਾਤ ਦਾ ਵਿਸ਼ਰਾਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦਾ ਪੰਜਾਬ ਵਿਚਲਾ ਰੂਟ ਵੀ ਜਲਦ ਹੀ ਸੰਗਤ ਨੂੰ ਦੱਸਿਆ ਜਾਵੇਗਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਨਗਰ ਕੀਰਤਨ ਸ਼ਤਾਬਦੀ ਸਮਾਗਮਾਂ ਤੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜ ਜਾਵੇਗਾ।


author

Baljeet Kaur

Content Editor

Related News