ਦਿੱਲੀ ’ਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦਾ SGPC ਵਲੋਂ ਸਖਤ ਨੋਟਿਸ
Monday, Oct 28, 2019 - 02:23 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਇਕ ਸਕੂਲ 'ਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦੀ ਸਖਤ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਾਤਾ ਜੈ ਕੌਰ ਸਕੂਲ ਵਿਖੇ ਸਿੱਖ ਬੱਚਿਆਂ ਪਾਸੋਂ ਹਿੰਦੂ ਰਵਾਇਤਾਂ ਅਨੁਸਾਰ ਆਰਤੀ ਕਰਵਾਈ ਗਈ ਹੈ, ਇਸ ਸਬੰਧੀ ਖੁਲਾਸਾ ਸਾਹਮਣੇ ਆਈ ਇਕ ਵੀਡੀਓ ਤੋਂ ਹੋਇਆ ਹੈ। ਇਸ ਵੀਡੀਓ 'ਚ ਸਾਫ ਨਜ਼ਰ ਆਉਂਦਾ ਹੈ ਕਿ ਸਿੱਖ ਬੱਚਿਆਂ ਦੇ ਹੱਥਾਂ 'ਚ ਥਾਲੀਆਂ ਫੜ ਕੇ ਉਨ੍ਹਾਂ ਨੂੰ ਹਿੰਦੂ ਰਵਾਇਤ ਅਨੁਸਾਰ ਕੀਤੀ ਜਾਂਦੀ ਆਰਤੀ ਨਾਲ ਜੋੜਿਆ ਜਾ ਰਿਹਾ ਹੈ।
ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਖਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਆਖਿਆ ਹੈ ਕਿ ਹਰ ਧਰਮ ਦੇ ਆਪੋ-ਆਪਣੇ ਅਸੂਲ ਹਨ। ਸਿੱਖ ਧਰਮ ਦੀਆਂ ਰਵਾਇਤਾਂ, ਮਰਯਾਦਾ ਅਤੇ ਰਹਿਣੀ ਬਹਿਣੀ ਨਿਰਾਲੀ ਹੈ। ਇਸ ਨੂੰ ਰਲਗਡ ਕਰਨ ਦਾ ਯਤਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰੇ ਜਿਨ੍ਹਾਂ ਨੇ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਸਿੱਖ ਬੱਚਿਆਂ ਦੇ ਕੋਮਲ ਮਨਾਂ ਅੰਦਰ ਇਸ ਤਰ੍ਹਾਂ ਜਾਣਬੁੱਝ ਕੇ ਹਿੰਦੂ ਧਰਮ ਦੀਆਂ ਰਵਾਇਤਾਂ ਦ੍ਰਿੜ ਕਰਵਾਉਣੀਆਂ ਸਿੱਖੀ 'ਤੇ ਹਮਲਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਚ ਲਈ ਲਿਖਿਆ ਜਾ ਰਿਹਾ ਹੈ।