ਖੁਰਦ-ਬੁਰਦ ਹੋਏ 267 ਪਾਵਨ ਸਰੂਪ ਮਾਮਲੇ 'ਚ ਨਵਾਂ ਮੋੜ, SGPC ਦੇ ਸਾਬਕਾ ਅਧਿਕਾਰੀ ਨੇ ਲਗਾਏ ਵੱਡੇ ਦੋਸ਼
Tuesday, Jun 30, 2020 - 02:56 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਖੁਰਦ-ਬੁਰਦ ਹੋਏ 267 ਪਾਵਨ ਸਰੂਪ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਾਬਕਾ ਅਧਿਕਾਰੀ ਨੇ ਕਈ ਵੱਡੇ ਰਾਜ਼ ਖੋਲ੍ਹੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਕੰਵਲਜੀਤ ਸਿੰਘ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 18 ਮਈ 2016 ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰਦੁਆਰਾ ਰਾਮਸਰ ਸਾਹਿਬ 'ਚ ਅੱਗ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਗਏ ਪਰ ਮੇਰੇ ਤੋਂ ਪਹਿਲਾਂ ਹੀ ਉਥੇ ਮੁੱਖ ਸਕੱਤਰ ਹਰਚਰਨ ਸਿੰਘ, ਸਕੱਤਰ ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ, ਐਡੀਸ਼ਨਲ ਸਕੱਤਰ ਦਿਲਜੀਤ ਸਿੰਘ ਬੇਦੀ, ਮੀਤ ਸਕੱਤਰ ਸਿੰਘ, ਪਰਮਜੀਤ ਸਿੰਘ ਨਿੱਜੀ ਸਹਾਇਕ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਪਰਤਾਪ ਸਿੰਘ ਪਹੁੰਚੇ ਹੋਏ ਸਨ। ਪਰ ਮੇਰੇ ਸਮੇਤ ਹੇਠਲੇ ਅਧਿਕਾਰੀਆਂ ਨੂੰ ਘਟਨਾ ਵਾਲੀ ਸਥਾਨ 'ਤੇ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਅਸੀਂ ਅੰਦਰ ਗਏ ਤਾਂ ਸਾਰੇ ਸਰੂਪ ਰੁਮਾਲਾ ਸਾਹਿਬ 'ਚ ਰੱਖੇ ਹੋਏ ਸਨ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅੱਗ ਦੀ ਘਟਨਾ ਨਾਲ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਨੂੰ ਉੱਚ ਅਧਿਕਾਰੀਆਂ ਨੇ ਹਦਾਇਤ ਦਿੱਤੀ ਕਿ ਤੁਸੀਂ ਰੌਲਾ ਨਹੀਂ ਪਾਉਣਾ ਅਸੀਂ ਆਪੇ ਭਰਪਾਈ ਕਰ ਦੇਵਾਂਗੇ।
ਇਹ ਵੀ ਪੜ੍ਹੋਂ : ਦਾਲ ਘਪਲੇ ਦੇ ਮਾਮਲੇ ਦੀਆਂ ਖ਼ਬਰਾਂ 'ਤੇ ਭੜਕੀ SGPC,ਪੁਲਸ ਕੋਲੋਂ ਕਾਰਵਾਈ ਦੀ ਕੀਤੀ ਮੰਗ
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਗਨ ਭੇਟ ਹੋਏ ਅਤੇ ਪਾਣੀ ਨਾਲ ਨੁਕਸਾਨੇ ਗਏ ਸਰੂਪਾਂ ਨੂੰ ਬੱਸ 'ਰਾਹੀਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਲੈ ਗਏ। ਉਸ ਸਮੇਂ ਮਨਜੀਤ ਸਿੰਘ ਸਕੱਤਰ ਵੀ ਸਾਡੇ ਨਾਲ ਸਨ ਅਤੇ ਸਾਰੀ ਕਾਰਵਾਈ ਦੀ ਅਗਵਾਈ ਕੀਤੀ। ਕਮੇਟੀ ਦੇ ਅਧਿਕਾਰੀਆਂ ਦੀ ਹਦਾਇਤ 'ਤੇ ਸ੍ਰੀ ਬਾਉਲੀ ਸਾਹਿਬ ਵਿਖੇ ਰਜਿਸਟਰ 'ਤੇ ਇਨ੍ਹਾਂ ਸਰੂਪਾਂ ਦੀ ਕੋਈ ਐਂਟਰੀ ਨਹੀਂ ਕੀਤੀ ਗਈ ਤੇ ਸਸਕਾਰ ਕਰ ਦਿੱਤਾ ਹਿਆ। ਮੈਂ ਇਸ ਮਰਿਆਦਾ ਦੇ ਉਲਟ ਕਾਰਵਾਈ 'ਤੇ ਇਤਰਾਜ਼ ਜਤਾਇਆ ਤਾਂ ਮੈਨੂੰ ਚੁੱਪ ਰਹਿਣ ਲਈ ਕਹਿ ਦਿੱਤਾ ਗਿਆ। 2016 ਤੋਂ ਬਾਅਦ ਵੀ ਮੈਂ ਉਪਰੋਕਤ ਸਰੂਪਾਂ ਬਾਰੇ ਰਿਕਾਰਡ ਦਰੁਸਤ ਕਰਨ ਲਈ ਕਹਿੰਦਾ ਰਿਹਾ ਪਰ ਮੈਨੂੰ ਇਤਜ਼ਾਰ ਕਰ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਇਸ ਇਸ ਘਟਨਾ ਦੀ ਜਾਂਚ ਲਈ ਸਬ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਗਏ ਪਰ ਕਿਸੇ ਵੀ ਜਾਂਚ 'ਚ ਮੇਰੇ ਬਿਆਨ ਦਰਜ ਨਹੀਂ ਕੀਤੇ ਗਏ ਤਾਂ ਜੋ ਸੱਚਾਈ 'ਤੇ ਪਰਦਾ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਰੂਪ ਬਿਨ੍ਹਾਂ ਰਿਕਾਰਡ ਦੇ ਭੇਜੇ ਜਾਂਦੇ ਰਹੇ ਹਨ, ਜਿਨ੍ਹਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਨ੍ਹਾਂ ਸਰੂਪਾਂ ਬਾਰੇ ਪਤਾ ਲਗਾਇਆ ਜਾਵੇ ਤਾਂ ਜੋ ਇਨ੍ਹਾਂ ਦਾ ਕੋਈ ਵੀ ਗਲਤ ਇਸਤੇਮਾਲ ਨਾ ਕਰ ਸਕੇ।
ਇਹ ਵੀ ਪੜ੍ਹੋਂ : ਬੇਸਮੈਂਟ ਤੇ ਜੋੜਾ ਘਰ ਦਾ ਪ੍ਰਧਾਨ ਲੌਂਗੋਵਾਲ ਨੇ ਰੱਖਿਆ ਨੀਂਹ ਪੱਥਰ
ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਦੋਸ਼ ਲਗਾਏ ਗਏ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਰਾਮਸਰ ਸਾਹਿਬ ਵਿਖੇ ਗਾਇਬ ਹੋਏ ਹਨ। ਇਹ ਦੋਸ਼ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ 'ਤੇ ਲਗਾਏ ਗਏ ਸਨ ਜਦਕਿ ਦੂਜੇ ਪਾਸੇ ਇਸ ਮਾਮਲੇ 'ਚ ਕਮੇਟੀ ਵਲੋਂ ਵੀ ਸਾਬਕਾ ਅਧਿਕਾਰੀ ਕੰਵਲਜੀਤ ਸਿੰਘ 'ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਵਲੋਂ ਇਹ ਸਰੂਪ ਖੁਰਦ-ਬੁਰਦ ਕੀਤੇ ਗਏ ਸਨ। ਇਸ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਵੀ ਪਹਿਲਾਂ ਹੀ ਆਪਣੀ ਸਫ਼ਾਈ ਦੇ ਚੁੱਕੀ ਹੈ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ