ਬਾਦਲਾਂ 'ਤੇ ਭੜਕੇ ਸੁਖਦੇਵ ਸਿੰਘ ਢੀਂਡਸਾ

12/14/2019 3:52:08 PM

ਅੰਮ੍ਰਿਤਸਰ : ਬਾਦਲ ਪਰਿਵਾਰ ਤੋਂ ਖਫਾ ਚੱਲ ਰਹੇ ਸੀਨੀਅਰ ਅਕਾਲੀ ਆਗੂਆਂ ਨੇ ਅੱਜ ਅਕਾਲੀ ਦਲ ਟਕਸਾਲੀ ਦੀ ਸਰਪ੍ਰਸਤੀ 'ਚ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਉਂਦਿਆਂ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ 'ਚੋਂ ਬਾਹਰ ਕਰਨ ਦਾ ਅਹਿਦ ਲਿਆ। ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ 'ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਰਾਜਸੀ ਤਾਕਤ ਹਾਸਲ ਕਰਨ ਲਈ ਹੋਂਦ 'ਚ ਨਹੀਂ ਆਇਆ ਸੀ, ਸਗੋਂ ਇਹ ਸੱਭਿਆਚਾਰ ਤੇ ਧਰਮ ਨੂੰ ਬਚਾਉਣ ਦੀ ਇਕ ਲਹਿਰ ਸੀ। ਅੱਜ ਇਸ ਪਾਰਟੀ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਸਵਾਰਥਾਂ ਲਈ ਰੋਲ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਅਸੀਂ ਕਿਸੇ ਹੋਰ ਪਾਰਟੀ ਨੂੰ ਨਹੀਂ ਬਲਕਿ ਅਕਾਲੀ ਦਲ ਨੂੰ ਹੀ ਤਕੜਾ ਕਰਨਾ ਹੈ, ਜਿਸ ਦੇ ਲਈ ਸਭ ਹਮਖਿਆਲੀ ਆਗੂਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਲੱਗ ਰਹੇ ਦੋਸ਼ਾਂ ਨੇ ਅੱਜ ਸਮੁੱਚੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਸਵਾਰਥਾਂ ਤੇ ਆਪਹੁਦਰੀਆਂ ਕਾਰਣ ਅੱਜ ਅਕਾਲੀ ਦਲ ਅਤੇ ਸਿੱਖ ਕੌਮ ਦਾ ਏਜੰਡਾ ਖਤਮ ਕਰ ਦਿੱਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਲਦ ਆਜ਼ਾਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਸੀਨੀਅਰ ਲੀਡਰ ਅੱਜ ਇਕ ਪਲੇਟਫਾਰਮ 'ਤੇ ਇਕੱਠੇ ਹੋ ਰਹੇ ਹਨ, ਛੇਤੀ ਹੀ ਇਕ ਅਜਿਹੀ ਲਹਿਰ ਬਣੇਗੀ, ਜਿਸ ਦੇ ਸਾਹਮਣੇ ਬਾਦਲ ਪਰਿਵਾਰ ਦਾ ਹੰਕਾਰ ਚਕਨਾਚੂਰ ਹੋ ਜਾਵੇਗਾ। ਇਸ ਮੌਕੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਬਾਦਲ ਪਰਿਵਾਰ ਨੂੰ ਖੂਬ ਰਗੜੇ ਲਾਉਂਦਿਆਂ ਉਨ੍ਹਾਂ ਵੱਲੋਂ ਸੀਨੀਅਰ ਆਗੂਆਂ ਨੂੰ ਟਿੱਚ ਸਮਝਣ ਅਤੇ ਅੱਖੋਂ-ਪਰੋਖੇ ਕਰਨ ਦੀ ਡਟ ਕੇ ਨਿੰਦਾ ਕੀਤੀ।


Baljeet Kaur

Content Editor

Related News