ਬਾਬਾ ਗੁਰਦੀਪ ਦੀ ਮੁਖਬਰੀ ਦੇਣ ਵਾਲਾ ਮੁਲਜ਼ਮ ਗ੍ਰਿਫਤਾਰ

01/03/2020 10:31:45 AM

ਅੰਮ੍ਰਿਤਸਰ/ਮਜੀਠਾ (ਸੰਜੀਵ, ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਅਕਾਲੀ ਦਲ ਦੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਥਾਣਾ ਮਜੀਠਾ ਦੀ ਪੁਲਸ ਨੇ ਖਤਰਨਾਕ ਗੈਂਗਸਟਰ ਹਰਮਨਜੀਤ ਸਿੰਘ ਤੇ ਉਸ ਦੇ ਪਿਤਾ ਨਿਰਮਲ ਸਿੰਘ ਸਮੇਤ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੇ ਹੱਤਿਆ ਦੇ ਦੋਸ਼ੀਆਂ ਨੂੰ ਬਾਬਾ ਗੁਰਦੀਪ ਦੀ ਮੁਖ਼ਬਰੀ ਕਰ ਕੇ ਉਨ੍ਹਾਂ ਤੱਕ ਸੂਚਨਾਵਾਂ ਪਹੁੰਚਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸ ਬਾਰੇ ਪੁਲਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਪੁਲਸ ਲਈ ਹੱਤਿਆਰਿਆਂ ਤੱਕ ਪੁੱਜਣ ਦਾ ਇਹੀ ਮੁਖਬਰ ਇਕ ਸੂਤਰਧਾਰ ਸੀ। ਬਾਬਾ ਗੁਰਦੀਪ ਸਿੰਘ ਦੀ ਭਰਜਾਈ ਦੇ ਬਿਆਨਾਂ 'ਤੇ ਪੁਲਸ ਨੇ ਪਰਚਾ ਦਰਜ ਕੀਤਾ ਹੈ। ਹਰਮਨਜੀਤ ਸਿੰਘ ਇਕ ਹਿਸਟਰੀ ਸ਼ੀਟਰ ਹੈ, ਜਿਸ 'ਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ। ਸਰਪੰਚੀ ਦੀ ਚੋਣ 'ਚ ਹਰਮਨਜੀਤ ਸਿੰਘ ਦੀ ਹਾਰ ਹੋਈ ਸੀ, ਉਦੋਂ ਤੋਂ ਉਸ ਨੇ ਬਾਬਾ ਗੁਰਦੀਪ ਦੀ ਹੱਤਿਆ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਬਾਰੇ ਉਹ ਕਈ ਵਾਰ ਉਸ ਨੂੰ ਧਮਕੀਆਂ ਵੀ ਦਿੰਦਾ ਸੀ। ਹਰਮਨਜੀਤ ਬਟਾਲਾ 'ਚ ਸਰਗਰਮ ਪਵਿੱਤਰ ਗੈਂਗ ਦਾ ਸਾਥੀ ਹੈ, ਜਿਸ ਦੀ ਪੁਸ਼ਟੀ ਡੀ. ਐੱਸ. ਪੀ. ਯੋਗੇਸ਼ਵਰ ਸਿੰਘ ਨੇ ਕੀਤੀ। ਪੁਲਸ ਵਾਰਦਾਤ ਦੇ ਬਾਅਦ ਤੋਂ ਹੀ ਅੰਡਰਗਰਾਊਂਡ ਹੋ ਚੁੱਕੇ ਹੱਤਿਆ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।

3 ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਸਨ ਗੋਲੀਆਂ
ਗੁਰਦੁਆਰੇ ਮੱਥਾ ਟੇਕ ਕੇ ਆਪਣੀ 3 ਸਾਲ ਦੀ ਦੋਹਤੀ ਨਾਲ ਘਰ ਆ ਰਹੇ ਬਾਬਾ ਗੁਰਦੀਪ ਸਿੰਘ ਨੂੰ ਰਸਤੇ 'ਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰਿਆ। ਪਹਿਲਾਂ ਤਾਂ ਹੱਤਿਆ ਦੇ ਦੋਸ਼ੀਆਂ ਨੇ ਉਸ ਦੇ ਹੱਥੋਂ ਉਸ ਦੀ ਦੋਹਤੀ ਨੂੰ ਖੋਹ ਕੇ ਇਕ ਪਾਸੇ ਖੜ੍ਹਾ ਕਰ ਦਿੱਤਾ, ਫਿਰ ਉਸ ਦੀਆਂ ਅੱਖਾਂ ਸਾਹਮਣੇ ਬਾਬਾ ਗੁਰਦੀਪ 'ਤੇ 5 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ। ਖੂਨ ਨਾਲ ਲਿਬੜਿਆ ਉਹ ਉਥੇ ਹੀ ਡਿੱਗ ਗਿਆ ਤੇ ਜ਼ਖਮਾਂ ਦਾ ਤਾਬ ਨਾ ਸਹਾਰਦਾ ਹੋਇਆ ਘਟਨਾ ਵਾਲੀ ਥਾਂ 'ਤੇ ਹੀ ਦਮ ਤੋੜ ਗਿਆ ਸੀ। ਅਜੇ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਹਰਮਨਜੀਤ ਨੇ ਆਪਣੇ ਪਿਤਾ ਨਿਰਮਲ ਸਿੰਘ ਨਾਲ ਮਿਲ ਕੇ 3 ਲੋਕਾਂ ਨੂੰ ਪੈਸੇ ਦੇ ਦਮ 'ਤੇ ਕਤਲ ਕਰਨ ਲਈ ਹਾਇਰ ਕੀਤਾ ਸੀ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਮੁਖਬਰ ਤੋਂ ਇਲਾਵਾ ਕਿਸੇ ਵੀ ਮੁਲਜ਼ਮ ਦਾ ਸੁਰਾਗ ਨਹੀਂ ਕੱਢ ਸਕੀ, ਜਦਕਿ ਅਕਾਲੀ ਦਲ ਦੇ ਸਰਪੰਚ ਬਾਬਾ ਗੁਰਦੀਪ ਸਿੰਘ ਦੀ ਹੱਤਿਆ ਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਬਣੀ ਹੋਈ ਹੈ।

ਕੀ ਕਹਿਣਾ ਹੈ ਪੁਲਸ ਦਾ
ਮਜੀਠਾ ਦੇ ਡੀ. ਐੱਸ. ਪੀ. ਯੋਗੇਸ਼ਵਰ ਸਿੰਘ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਜਾਂਚ ਦੌਰਾਨ ਸੀ. ਸੀ. ਟੀ. ਵੀ. ਫੁਟੇਜ ਨਾਲ ਉਨ੍ਹਾਂ ਨੂੰ ਕੁਝ ਅਜਿਹੇ ਸੁਰਾਗ ਹੱਥ ਲੱਗੇ ਹਨ, ਜਿਨ੍ਹਾਂ ਤੋਂ ਹੱਤਿਆਰਿਆਂ ਤੱਕ ਬਾਬਾ ਗੁਰਦੀਪ ਦੀ ਸੂਚਨਾ ਦੇਣ ਵਾਲੇ ਦਾ ਚਿਹਰਾ ਸਾਹਮਣੇ ਆਇਆ ਸੀ। ਦੋਵਾਂ ਪਰਿਵਾਰਾਂ 'ਚ ਪਿਛਲੇ ਕਰੀਬ ਡੇਢ ਸਾਲ ਤੋਂ ਸਰਪੰਚੀ ਦੀ ਚੋਣ 'ਚ ਹੋਈ ਹਾਰ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਹਰਮਨਜੀਤ 'ਤੇ ਅੱਧੀ ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਅਤੇ ਜਦੋਂ ਵੀ ਪੁਲਸ ਕਿਸੇ ਮਾਮਲੇ ਨੂੰ ਲੈ ਕੇ ਉਸ ਦੇ ਘਰ ਆਉਂਦੀ ਸੀ ਤਾਂ ਉਸ ਪਰਿਵਾਰ ਨੂੰ ਲੱਗਦਾ ਸੀ ਕਿ ਇਹ ਕਾਰਵਾਈ ਬਾਬਾ ਗੁਰਦੀਪ ਵੱਲੋਂ ਕਰਵਾਈ ਜਾ ਰਹੀ ਹੈ।


Baljeet Kaur

Content Editor

Related News