ਹੁਣ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ, ਐਕਸ਼ਨ 'ਚ ਜੇਲ੍ਹ ਮੰਤਰੀ

Wednesday, Oct 19, 2022 - 10:08 AM (IST)

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਵਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ। ਦੂਜੇ ਪਾਸੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਡੀਓ ਨੂੰ ਵੇਖਦੇ ਸਾਰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਜੇਲ੍ਹ ਅੰਦਰ ਨਸ਼ਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਪੰਜਾਬ ਸਰਕਾਰ ਦੇ ਸਾਰੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਜੇਲ੍ਹ ਵਿਚ ਵਾਇਰਲ ਹੋ ਰਹੀ ਇਹ ਵੀਡੀਓ ਉਸ ਹਵਾਲਾਤੀ ਦੀ ਹੈ, ਜੋ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ। ਵਾਇਰਲ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਝੁੰਡ ਬਣਾ ਕੇ ਇਕ ਪੰਨੀ ਤੋਂ ਨਸ਼ਾ ਲੈ ਰਹੇ ਹਨ੍ਹ। 

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

ਹਾਲਾਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿਚ ਸਖ਼ਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਜੇਲ੍ਹ ਪ੍ਰਸ਼ਾਸਨ ਸਮੱਗਲਰਾਂ ਦੇ ਨੈੱਟਵਰਕ ਨੂੰ ਤੋੜਨ ਵਿਚ ਕਾਮਯਾਬ ਨਹੀਂ ਹੋ ਰਿਹਾ। ਜੇਲ੍ਹ ਵਿਚ ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਨੇ ਟਵੀਟ ਕੀਤਾ ਹੈ। ਬੈਂਸ ਦਾ ਕਹਿਣਾ ਹੈ ਕਿ ਇਸ ਵੀਡੀਓ ਦੀ ਹਰ ਪਹਿਲੂ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ’ਚ ਹਰੇਕ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇ, ਜਿਸ ਦੀ ਸ਼ਮੂਲੀਅਤ ਇਸ ਵੀਡੀਓ ਨਾਲ ਜੁੜੀ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ

ਐੱਸ. ਟੀ. ਐੱਫ. ਫੜ ਚੁੱਕੀ ਹੈ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਵਾਰਡਨ ਨੂੰ
ਸਪੈਸ਼ਲ ਟਾਸਕ ਫੋਰਸ ਵਲੋਂ ਗੁਪਤ ਆਪ੍ਰੇਸ਼ਨ ਤੋਂ ਬਾਅਦ ਗੋਇੰਦਵਾਲ ਸਾਹਿਬ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਜੇਲ੍ਹ ਵਿਚ ਬੈਠੇ ਕੈਦੀਆਂ ਨੂੰ ਮੋਬਾਇਲ ਫੋਨ ਮੁਹੱਈਆ ਕਰਵਾ ਰਿਹਾ ਸੀ। ਬੈਰਕ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਜਾਂਚ ਨਾ ਕਰਨ ਦੇ ਬਦਲੇ ਮੋਟੀ ਰਕਮ ਲੈ ਰਿਹਾ ਸੀ। ਇਸ ਤੋਂ ਇਲਾਵਾ ਐੱਸ. ਟੀ. ਐੱਫ. ਨੇ ਦੋ ਅਜਿਹੇ ਜੇਲ੍ਹ ਵਾਰਡਨ ਵੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਦੇ ਕਬਜ਼ੇ ਤੋਂ ਹੈਰੋਇਨ ਦੀ ਬਰਾਮਦਗੀ ਕੀਤੀ ਗਈ। ਇਹ ਵਾਰਡਨ ਜੇਲ੍ਹ ਵਿਚ ਬੈਠੇ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦੇ ਸਨ।

3 ਲੇਅਰ ਸੁਰੱਖਿਆ ਨੂੰ ਤੋੜ ਕੇ ਕਿਵੇਂ ਪਹੁੰਚਦਾ ਹੈ ਨਸ਼ਾ
ਪੰਜਾਬ ਦੀਆਂ ਜੇਲ੍ਹਾਂ ਵਿਚ 3 ਲੇਅਰ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ, ਕੋਈ ਵੀ ਵਿਅਕਤੀ ਬਾਹਰੀ ਤਾਕਤ ਤੋਂ ਜੇਲ੍ਹ ਦੇ ਅੰਦਰ ਕੁਝ ਨਹੀਂ ਲੈ ਸਕਦਾ। ਅੰਦਰ ਜਾਣ ਵਾਲੇ ਹਰ ਵਿਅਕਤੀ ਦੀ ਤਿੰਨ ਥਾਵਾਂ ’ਤੇ ਤਲਾਸ਼ੀ ਅਤੇ ਜਾਂਚ ਕੀਤੀ ਜਾਂਦੀ ਹੈ। ਫਿਰ ਵੀ ਕੈਦੀਆਂ ਤੱਕ ਪਹੁੰਚ ਰਿਹਾ ਨਸ਼ਾ ਕਿਤੇ ਨਾ ਕਿਤੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਮਾਮਲਾ ਕਈ ਵਾਰ ਉਜਾਗਰ ਕਰ ਚੁੱਕੀ ‘ਜਗ ਬਾਣੀ’
‘ਜਗ ਬਾਣੀ’ ਨੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਜੇਲ੍ਹ ਵਿਚ ਸਭ ਕੁਝ ਠੀਕ ਨਹੀਂ ਹੈ। ਜੇਲ੍ਹ ਵਿੱਚ ਬੈਠੇ ਕੈਦੀਆਂ ਕੋਲੋਂ ਲਗਾਤਾਰ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣਾ ਦੇਸ਼ ਦੀ ਸੁਰੱਖਿਆ ਲਈ ਖ਼ਤਰੇ ਦੀ ਘੰਟੀ ਹੈ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ।


rajwinder kaur

Content Editor

Related News