ਦਲ ਖਾਲਸਾ ਅਤੇ ਅਕਾਲੀ ਦਲ (ਅ) ਨੇ ਮੰਗਿਆ ਗ੍ਰਹਿ ਮੰਤਰੀ ਦਾ ਅਸਤੀਫਾ

01/07/2020 10:28:58 AM

ਅੰਮ੍ਰਿਤਸਰ (ਮਮਤਾ) - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਭਾਜਪਾ ਦੇ ਵਿਦਿਆਰਥੀ ਵਿੰਗ ਏ. ਬੀ. ਵੀ. ਪੀ. ਦੇ ਗੁੰਡਿਆਂ ਦੁਆਰਾ ਬੀਤੀ ਰਾਤ ਕੀਤੇ ਗਏ ਹਮਲੇ ਨੂੰ ਸਰਕਾਰੀ ਸ਼ਹਿ ਅਧੀਨ ਹੋਈ ਹਿੰਸਾ ਕਰਾਰ ਦਿੱਤਾ ਹੈ। ਇਸੇ ਕਾਰਨ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਅਤੇ ਜੇ. ਐੱਨ. ਯੂ. ਦੇ ਵਾਈਸ ਚਾਂਸਲਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਦਲ ਖਾਲਸਾ ਦਫ਼ਤਰ 'ਚ ਭਾਰਤ 'ਚ ਵਿਗੜਦੀ ਰਾਜਨੀਤਿਕ ਸਥਿਤੀ ਅਤੇ ਜੇ. ਐੱਨ. ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹੈਰਾਨ ਕਰਨ ਵਾਲੀ ਵਹਿਸ਼ੀ ਹਿੰਸਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸੇ ਵਿਚਾਰ-ਵਟਾਂਦਰੇ ਮਗਰੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ ਨੇ ਅਮਿਤ ਸ਼ਾਹ ਵਲੋਂ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਆਰ. ਪੀ. ਦਾ ਵਿਰੋਧ ਕਰ ਰਹੇ ਨਾਗਰਿਕਾਂ ਨੂੰ ਧਮਕਾਉਣ ਅਤੇ ਮੁਸਲਮਾਨ ਅਤੇ ਵਿਦਿਆਰਥੀਆਂ ਦੀ ਜਾਨ-ਮਾਲ ਦੀ ਰਾਖੀ ਕਰਨ 'ਚ ਅਸਫ਼ਲ ਰਹਿਣ ਲਈ ਅਸਤੀਫੇ ਦੀ ਮੰਗ ਕੀਤੀ।

ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਜਾਮੀਆ ਅਤੇ ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੀ ਜ਼ਿੰਦਗੀ 'ਚ ਤਬਾਹੀ ਮਚਾ ਰੱਖੀ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਆਪਣੇ ਬਿਆਨ ਕਿ 'ਟੁਕੜੇ-ਟੁਕੜੇ (ਜੇ. ਐੱਨ. ਯੂ. ਵਿਦਿਆਰਥੀ) ਗੈਂਗ ਨੂੰ ਸਬਕ ਸਿਖਾਇਆ ਜਾਵੇਗਾ' ਦੀ ਏ. ਬੀ. ਵੀ. ਪੀ. ਕੋਲੋਂ ਪੂਰਤੀ ਕਰਵਾਈ ਹੈ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਾਮੀਆ ਅਤੇ ਏ. ਐੱਮ. ਯੂ. ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਜੇ. ਐੱਨ. ਯੂ. ਵਿਖੇ ਹੋਈ ਵਹਿਸ਼ੀ ਹਿੰਸਾ ਇਹ ਸਾਫ ਕਰਦੀ ਹੈ ਕਿ ਭਾਜਪਾ ਆਪਣੇ ਫਾਸੀਵਾਦੀ ਮਾਰਗ ਤੋਂ ਪਿੱਛੇ ਨਹੀਂ ਹਟੇਗੀ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰਨੇ ਚਾਹੀਦੇ ਹਨ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਜੇ. ਐੱਨ. ਯੂ. ਦੇ ਵਾਈਸ ਚਾਂਸਲਰ ਅਤੇ ਆਰ. ਐੱਸ. ਐੱਸ. ਅਤੇ ਭਾਜਪਾ ਦਾ ਪੱਖ ਪੂਰਨ ਵਾਲਿਆਂ ਨੂੰ ਤੁਰੰਤ ਹਟਾਉਣ ਅਤੇ ਏ. ਬੀ. ਵੀ. ਪੀ. 'ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ।


rajwinder kaur

Content Editor

Related News