ਅੰਮ੍ਰਿਤਸਰ 'ਚ ਨਵਜੋਤ ਸਿੱਧੂ ਨੇ ਲਹਿਰਾਇਆ ਤਿਰੰਗਾ

Saturday, Jan 26, 2019 - 12:56 PM (IST)

ਅੰਮ੍ਰਿਤਸਰ 'ਚ ਨਵਜੋਤ ਸਿੱਧੂ ਨੇ ਲਹਿਰਾਇਆ ਤਿਰੰਗਾ

ਅੰਮ੍ਰਿਤਸਰ - ਗਣਤੰਤਰ ਦਿਵਸ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਥਾਨਕ ਸਰਕਾਰਾਂ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿਥੇ ਗੁਰੂ ਨਾਨਕ ਸਟੇਡੀਅਮ 'ਚ ਤਿਰੰਗਾ ਲਹਿਰਾਇਆ, ਉਥੇ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕਰ ਕੇ ਇਲਾਕਾ ਵਾਸੀਆਂ ਨੂੰ ਤੋਹਫਾ ਵੀ ਦਿੱਤਾ। ਸਿੱਧੂ ਨੇ ਭਾਰਤ ਦੀ ਆਜ਼ਾਦੀ ਦੇ ਸ਼ਹੀਦਾਂ ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਵਰ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਲਈ ਜਾਣਿਆ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਆਰਥਿਕ ਰੂਪ ਵਿਚ ਪੰਜਾਬ ਨੂੰ ਵੱਡਾ ਲਾਹਾ ਮਿਲੇਗਾ।  ਉਨ੍ਹਾਂ ਐਲਾਨ ਕੀਤਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 'ਪ੍ਰਸ਼ਾਦ' ਯੋਜਨਾ ਤਹਿਤ 125 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਰੀਟੇਜ ਸਟਰੀਟ ਦੀ ਦਿਖ ਹੋਰ ਸੁੰਦਰ ਬਣਾਉਣ ਲਈ 33.55 ਕਰੋੜ ਰੁਪਏ, ਗੁ. ਬਾਬਾ ਦੀਪ ਸਿੰਘ ਵਿਖੇ ਸੜਕ ਚੌੜੀ ਕਰਨ ਤੇ ਚੌਕ ਦੀ ਦਿਖ ਸੰਵਾਰਨ ਲਈ 30 ਕਰੋੜ ਰੁਪਏ ਖਰਚੇ ਜਾਣਗੇ। ਦੁਰਗਿਆਣਾ ਮੰਦਰ ਤੇ ਇਸ ਦੇ ਆਲੇ-ਦੁਆਲੇ ਦੇ ਸੁੰਦਰੀਕਰਨ ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਭਰ 'ਚ ਖੋਲ੍ਹੇ ਜਾ ਰਹੇ 3 ਇਨੋਵੇਸ਼ਨ, ਇਨਕਿਊਬੇਸ਼ਨ ਤੇ ਸਕਿੱਲ ਡਿਵੈਲਪਮੈਂਟ ਸਟੋਰਾਂ 'ਚੋਂ ਇਕ ਸੈਂਟਰ ਅੰਮ੍ਰਿਤਸਰ 'ਚ ਖੋਲ੍ਹਿਆ ਜਾਵੇਗਾ। ਹਰੀਕੇ ਪੱਤਣ ਨੂੰ ਸੈਲਾਨੀ ਸੈਰਗਾਹ ਵਜੋਂ ਵਿਕਸਤ ਕਰਨ ਦੀ ਵੀ ਯੋਜਨਾ ਉਲੀਕੀ ਜਾ ਚੁੱਕੀ ਹੈ, ਜਿਸ 'ਤੇ 150 ਕਰੋੜ ਰੁਪਏ ਨਾਲ ਹੋਣ ਵਾਲੇ ਕੰਮ 'ਤੇ ਛੇਤੀ ਅਮਲ ਸ਼ੁਰੂ ਹੋਵੇਗਾ। 

ਸਿੱਧੂ ਨੇ ਦੱਸਿਆ ਕਿ ਸ਼ਹਿਰ ਵਿਚ 4 ਨਵੇਂ ਪੁਲਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ਵਿਚ ਸਟੇਟ ਮਿਊਜ਼ੀਅਮ, ਅੰਮ੍ਰਿਤਸਰ ਦੀਆਂ ਸੜਕਾਂ ਦੀ ਲੈਂਡ ਸਕੇਪਿੰਗ, ਪੁਲਮੋਰਾਂ, ਰੇਲਵੇ ਸਟੇਸ਼ਨ, ਖਾਲਸਾ ਕਾਲਜ 'ਚ ਸੁੰਦਰ ਲਾਈਟਾਂ, ਟਾਊਨ ਹਾਲ ਇਮਾਰਤ 'ਤੇ 257 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਅਰਬਨ ਮਿਸ਼ਨ, ਸਮਾਰਟ ਸਿਟੀ, ਸਵੱਛ ਭਾਰਤ ਅਧੀਨ ਵੀ ਸ਼ਹਿਰ ਵਿਚ ਵੱਡੇ ਪੱਧਰ 'ਤੇ ਕੰਮ ਕਰਵਾਏ ਜਾ ਰਹੇ ਹਨ, ਜੋ ਕਿ ਸ਼ਹਿਰ ਦੀ ਦਿਖ ਨੂੰ ਚਾਰ ਚੰਨ ਲਾ ਦੇਣਗੇ।  ਉਨ੍ਹਾਂ ਇਸ ਮੌਕੇ ਜ਼ਿਲੇ ਦੇ ਸਾਰੇ ਸਕੂਲਾਂ 'ਚ ਸੋਮਵਾਰ ਦੀ ਛੁੱਟੀ ਦਾ ਐਲਾਨ ਵੀ ਕੀਤਾ।  ੍ਰਗਣਤੰਤਰ ਦਿਵਸ ਮੌਕੇ ਸਿੱਧੂ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਰੈੱਡ ਕਰਾਸ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ।


author

Baljeet Kaur

Content Editor

Related News